ਪਰਾਲੀ ਸਾੜਨ ਦੀਆਂ ਫੋਟੋਆਂ ਖਿੱਚ ਰਿਹਾ ਸੀ ਪਟਵਾਰੀ; ਕਿਸਾਨਾਂ ਨੇ ਬਣਾਇਆ ਬੰਦੀ

ਬਾਲਿਆਂਵਾਲੀ : ਪਿੰਡ ਦੌਲਤਪੁਰਾ ਵਿਖੇ ਐਤਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਿਸਾਨਾਂ ਵੱਲੋਂ ਨਥਾਣਾ ਤਹਿਸੀਲ ਨਾਲ ਸਬੰਧਤ ਇਕ ਪਟਵਾਰੀ ਨੂੰ ਬੰਦੀ ਬਣਾ ਲਿਆ ਗਿਆ, ਜੋ ਕਿ ਖੇਤਾਂ ‘ਚ ਪਰਾਲੀ ਸਾੜਨ ਸਬੰਧੀ ਫੋਟੋਆਂ ਖਿੱਚਣ ਆਇਆ ਸੀ ਤਾਂ ਕਿ ਪ੍ਰਸ਼ਾਸਨ ਨੂੰ ਇਸ ਦੀ ਰਿਪੋਰਟ ਭੇਜੀ ਜਾ ਸਕੇ। ਜਦੋਂ ਖੇਤ ‘ਚ ਕੰਮ ਕਰਦੇ ਕੁਝ ਕਿਸਾਨਾਂ ਨੂੰ ਉਕਤ ਪਟਵਾਰੀ ਵਜ਼ੀਰ ਸਿੰਘ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ ਅਤੇ ਪਿੰਡ ਵਿਚ ਸੂਚਨਾ ਦੇ ਦਿੱਤੀ, ਜਿਸ ਨਾਲ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀ ਉੱਥੇ ਇਕੱਠੇ ਹੋ ਗਏ।

ਸੀਨੀਅਰ ਕਿਸਾਨ ਆਗੂ ਹਰਦੇਵ ਸਿੰਘ ਦੌਲਤਪੁਰਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਪਰਾਲੀ ਸਾੜਨ ਦੀਆਂ ਫੋਟੋਆਂ ਕਰਨਾ ਚਾਹੁੰਦਾ ਹੈ ਅਤੇ ਜੇਕਰ ਕਿਸਾਨਾਂ ’ਤੇ ਪਰਾਲੀ ਸਾੜਨ ਦੇ ਪਰਚੇ ਕਰਨੇ ਹੀ ਹਨ ਤਾਂ ਖੁਦ ਹਲਕੇ ਦੇ ਵਿਧਾਇਕ ਪਿੰਡਾਂ ‘ਚ ਆਉਣ, ਨਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਰਾਲੀ ਦਾ ਕੋਈ ਉਚਿਤ ਪ੍ਰਬੰਧ ਕਰ ਦੇਵੇ ਤਾਂ ਉਨ੍ਹਾਂ ਨੂੰ ਪਰਾਲੀ ਸਾੜਨ ਦੀ ਲੋੜ ਹੀ ਨਾ ਪਵੇ। ਕਾਫੀ ਦੇਰ ਚੱਲੇ ਘਿਰਾਓ ਤੋਂ ਬਾਅਦ ਰਣਜੀਤ ਸਿੰਘ ਖਹਿਰਾ ਨਾਇਬ ਤਹਿਸੀਲਦਾਰ ਨਥਾਣਾ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਨੂੰ ਭਰੋਸਾ ਦੇ ਕੇ ਪਟਵਾਰੀ ਨੂੰ ਛੁਡਵਾਇਆ। ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ ਅਤੇ ਉਨ੍ਹਾਂ ਤਹਿਸੀਲਦਾਰ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਸਾੜਨ ਸਬੰਧੀ ਕੀਤੇ ਗਏ ਕਿਸਾਨਾਂ ਦੇ ਪਰਚੇ ਰੱਦ ਕੀਤੇ ਜਾਣ, ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ।

Add a Comment

Your email address will not be published. Required fields are marked *