ਹਰਿਆਣਾ ‘ਚ ਭਾਰੀ ਹਿੰਸਾ ਮਗਰੋਂ ਤਣਾਅ, ਲੱਗਾ ਕਰਫਿਊ

ਨਵੀਂ ਦਿੱਲੀ – ਹਰਿਆਣਾ ਸੂਬੇ ਦੇ ਨੂਹ ਜ਼ਿਲ੍ਹੇ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਕਾਰਨ ਭਾਰੀ ਤਣਾਅ ਪੈਦਾ ਹੋ ਗਿਆ ਹੈ। ਹਿੰਸਾ ਨੂੰ ਕਾਬੂ ਕਰਨ ਲਈ ਨੂਹ ਵਿੱਚ ਦੋ ਦਿਨਾਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਸਥਿਤੀ ਨੂੰ ਦੇਖਦੇ ਹੋਏ ਪੂਰੇ ਇਲਾਕੇ ‘ਚ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਡੀਸੀ ਪ੍ਰਸ਼ਾਂਤ ਪੰਵਾਰ ਨੇ ਹਿੰਸਾ ਨੂੰ ਲੈ ਕੇ ਅੱਜ ਫਿਰ 11 ਵਜੇ ਸਰਵ ਸਮਾਜ ਦੀ ਮੀਟਿੰਗ ਸੱਦੀ ਹੈ।

ਦਰਅਸਲ ਸੋਮਵਾਰ ਨੂੰ ਨੂਹ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ‘ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਪਥਰਾਅ ਕੀਤਾ। ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਅਤੇ ਗੋਲੀਬਾਰੀ ਹੋਈ। ਇਸ ਦੌਰਾਨ ਹੁਣ ਤੱਕ ਗੁੜਗਾਓਂ ਦੇ ਹੋਮਗਾਰਡ ਨੀਰਜ ਅਤੇ ਗੁਰਸੇਵਕ ਸਮੇਤ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। 50 ਤੋਂ ਵੱਧ ਪੁਲਸ ਅਧਿਕਾਰੀ, ਕਰਮਚਾਰੀ ਅਤੇ ਹੋਰ ਕਈ ਵਿਅਕਤੀ ਜ਼ਖਮੀ ਹੋ ਗਏ ਹਨ। ਵੱਡੀ ਗਿਣਤੀ ਵਿਚ ਵਾਹਨਾਂ ਨੂੰ ਅੱਗ ਲਗਾ ਦਿੱਤੀ,  ਦੁਕਾਨਾਂ ਨੂੰ ਅੱਗ ਲਗਾ ਅਤੇ ਹੀਰੋ ਬਾਈਕ ਦੇ ਸ਼ੋਅਰੂਮ ਤੋਂ 200 ਬਾਈਕ ਲੁੱਟ ਕੇ ਸ਼ੋਅਰੂਮ ਦੀ ਭੰਨਤੋੜ ਕੀਤੀ। । ਲੋਕਾਂ ਨੇ ਬੱਸ ਨੂੰ ਟੱਕਰ ਮਾਰ ਕੇ ਸਾਈਬਰ ਥਾਣੇ ਦੀ ਕੰਧ ਤੋੜੀ ਅਤੇ ਅੰਦਰ ਭੰਨਤੋੜ ਕੀਤੀ। ਇਸ ਦੇ ਨਾਲ ਹੀ ਥਾਣੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਡਾਇਲ 112 ਦੀਆਂ ਗੱਡੀਆਂ ਨੂੰ ਸਾੜ ਦਿੱਤਾ ਗਿਆ। 

ਹਿੰਸਾ ਸੂਬੇ ਦੇ ਹੋਰ ਵੀ ਕਈ ਜ਼ਿਲ੍ਹਿਆਂ ਮੇਵਾਤ, ਸੋਹਾਣਾ, ਰੇਵਾੜੀ, ਗੁੜਗਾਓਂ, ਪਲਵਲ, ਫਰੀਦਾਬਾਦ ਤੱਕ ਫੈਲ ਗਈ ਹੈ। ਸਥਿਤੀ ਬਹੁਤ ਹੀ ਨਾਜ਼ੁਕ ਹੋ ਗਈ ਹੈ ਇਸ ਦੇ ਮੱਦੇਨਜ਼ਰ 5 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨੂਹ, ਫਰੀਦਾਬਾਦ ਅਤੇ ਪਲਵਲ ‘ਚ ਅੱਜ ਸਾਰੇ ਵਿਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ। ਨੂਹ ‘ਚ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ 1 ਅਤੇ 2 ਅਗਸਤ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। 

Add a Comment

Your email address will not be published. Required fields are marked *