ਚੀਨ ਦੇ ਸਾਹਮਣੇ ਗਿੜਗਿੜਾਇਆ ਪਾਕਿ-ਮਦਦ ਨਾ ਮਿਲੀ ਤਾਂ ਹਨ੍ਹੇਰੇ ‘ਚ ਡੁੱਬ ਜਾਵੇਗਾ ਦੇਸ਼

ਇਸਲਾਮਾਬਾਦ—ਆਰਥਿਕ ਅਤੇ ਸਿਆਸੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਹੁਣ ਸ਼ਰ੍ਹੇਆਮ ਚੀਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸ਼ਾਹਬਾਜ਼ ਸਰਕਾਰ ਨੇ ਪਾਕਿਸਤਾਨ ਨੂੰ ਡੁੱਬਣ ਤੋਂ ਬਚਾਉਣ ਲਈ ਇਕ ਵਾਰ ਫਿਰ ਤੋਂ ਚੀਨ ਤੋਂ ਸੀ.ਪੀ.ਈ.ਸੀ. ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਨੂੰ ਕਿਹਾ ਹੈ। ਸ਼ਾਹਬਾਜ਼ ਸਰਕਾਰ ਨੇ ਕਿਹਾ ਹੈ ਕਿ ਜੇ ਸੀ.ਪੀ.ਈ.ਸੀ ਪ੍ਰਾਜੈਕਟ ਨਾਲ ਜੁੜੇ 5 ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਨਹੀਂ ਕੀਤਾ ਗਿਆ ਤਾਂ ਇਕ ਸਾਲ ਦੇ ਅੰਦਰ ਪਾਕਿਸਤਾਨ ਵਿਚ ਰੇਲਵੇ ਪ੍ਰਣਾਲੀ ਢਹਿ ਜਾਵੇਗੀ। ਨਾਲ ਹੀ 3100 ਮੈਗਾਵਾਟ ਪਾਵਰ ਪ੍ਰਾਜੈਕਟ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਦੇਸ਼ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋ ਜਾਵੇਗਾ। ਪਾਕਿਸਤਾਨ ਨੇ ਜਿਨ੍ਹਾਂ 5 ਚੀਨੀ ਪ੍ਰਾਜੈਕਟਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ, ਉਹ 18.5 ਅਰਬ ਡਾਲਰ ਦੇ ਹਨ।
ਪਾਕਿਸਤਾਨ ‘ਚ ਚੱਲ ਰਹੇ ਅਰਬਾਂ ਡਾਲਰ ਦੇ ਸੀ.ਪੀ.ਈ.ਸੀ ਪ੍ਰਾਜੈਕਟ ਅੱਗੇ ਨਹੀਂ ਵਧ ਪਾ ਰਹੇ ਹਨ ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੋਇਆ ਹੈ। ਚੀਨ ਪਾਕਿਸਤਾਨ ‘ਚ ਇਮਰਾਨ ਖਾਨ ਦੇ ਸਿਆਸੀ ਸੰਕਟ ਨੂੰ ਦੇਖਦੇ ਹੋਏ ਅਤੇ ਜ਼ਿਆਦਾ ਨਿਵੇਸ਼ ਤੋਂ ਪਰਹੇਜ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਚੀਨ ਨੇ ਬਲੋਚਾਂ ਦੇ ਹਮਲੇ ਤੋਂ ਨਜਿੱਠਣ ਲਈ ਆਪਣੀ ‘ਫੌਜ’ ਤਾਇਨਾਤ ਕਰਨ ਦੀ ਸ਼ਰਤ ਵੀ ਰੱਖੀ ਹੈ। ਉਧਰ ਇਸ ਪੂਰੇ ਵਿਵਾਦ ਨੂੰ ਹੁਣ ਸੁਲਝਾਉਣ ਲਈ ਸ਼ਾਹਬਾਜ਼ ਸ਼ਰੀਫ ਚੀਨ ਦੀ ਯਾਤਰਾ ‘ਤੇ ਜਾਣ ਵਾਲੇ ਹਨ।
ਇਕ ਬੈਠਕ ਦੌਰਾਨ ਪਾਕਿਸਤਾਨ ਦੀ ਯੋਜਨਾ ਅਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਚੀਨ ਸਰਕਾਰ ਨੂੰ ਗੁਹਾਰ ਲਗਾਈ। ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ) ਦੀ ਮੀਟਿੰਗ ਵਿੱਚ ਕੋਈ ਨਵਾਂ ਐਲਾਨ ਨਹੀਂ ਕੀਤਾ ਗਿਆ। ਪਾਕਿਸਤਾਨ ਇਸ ਗੱਲ ਤੋਂ ਨਾਰਾਜ਼ ਹੈ ਕਿ ਅੱਠ ਸਾਲ ਪਹਿਲਾਂ ਤੈਅ ਕੀਤੀਆਂ ਯੋਜਨਾਵਾਂ ਨੂੰ ਪੂਰਾ ਕਰਨ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ। ਪਾਕਿਸਤਾਨ ਨੇ ਚੀਨ ਨੂੰ ਗੁਹਾਰ ਲਗਾਈ ਹੈ ਕਿ ਉਹ 10 ਅਰਬ  ਡਾਲਰ ਦੀ ਲਾਗਤ ਵਾਲੀ ਮੇਨਲਾਈਨ-1 ਸਮੇਤ ਰੇਲ ਅਤੇ ਊਰਜਾ ਨਾਲ ਸਬੰਧਤ ਪੰਜ ਪ੍ਰਾਜੈਕਟਾਂ ‘ਤੇ ਪਹਿਲ ਦੇ ਆਧਾਰ ‘ਤੇ ਵਿਚਾਰ ਕਰਨ।
ਇਕ ਪਾਕਿਸਤਾਨੀ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਦੋਵੇਂ ਪਾਸਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨੀ ਮੰਤਰੀ ਨੇ ਮੰਨਿਆ ਕਿ ਉਨ੍ਹਾਂ ਦਾ ਦੇਸ਼ ਚੀਨ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਤਜ਼ਰਬੇ ਦਾ ਫ਼ਾਇਦਾ ਉਠਾਉਣ ਵਿੱਚ ਅਸਫਲ ਰਿਹਾ ਹੈ। ਸ਼ਾਹਬਾਜ਼ ਸ਼ਰੀਫ 1 ਨਵੰਬਰ ਨੂੰ ਚੀਨ ਦੇ ਦੋ ਦਿਨਾਂ ਦੌਰੇ ‘ਤੇ ਜਾਣ ਵਾਲੇ ਹਨ। ਇਕਬਾਲ ਨੇ ਕਿਹਾ ਕਿ ਜੇਕਰ ਰੇਲ ਪ੍ਰਾਜੈਕਟ ਤੁਰੰਤ ਸ਼ੁਰੂ ਨਾ ਕੀਤਾ ਗਿਆ ਤਾਂ ਪਾਕਿਸਤਾਨ ਦਾ ਮੇਨ ਲਾਈਨ ਨੈੱਟਵਰਕ ਇਕ ਸਾਲ ਦੇ ਅੰਦਰ ਹੀ ਨੁਕਸਾਨਿਆਂ ਜਾਵੇਗਾ।

Add a Comment

Your email address will not be published. Required fields are marked *