ਪੁਲੀਸ ਲਈ ‘ਇਕ ਰਾਸ਼ਟਰ, ਇਕ ਵਰਦੀ’ ਬਾਰੇ ਵਿਚਾਰ ਹੋਵੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫ਼ਰੰਸ ਰਾਹੀਂ ‘ਚਿੰਤਨ ਸ਼ਿਵਿਰ’ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਸੂਰਜਕੁੰਡ, 28 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲੀਸ ਲਈ ‘ਇਕ ਰਾਸ਼ਟਰ, ਇਕ ਵਰਦੀ’ ਦਾ ਵਿਚਾਰ ਪੇਸ਼ ਕੀਤਾ ਤੇ ਕਿਹਾ ਕਿ ਇਹ ਉਨ੍ਹਾਂ ਵੱਲੋਂ ਦਿੱਤਾ ਇਹ ਮਹਿਜ਼ ਇਕ ਵਿਚਾਰ ਹੈ ਤੇ ਉਹ ਇਸ ਨੂੰ ਰਾਜਾਂ ਉਤੇ ਥੋਪਣ ਦਾ ਯਤਨ ਨਹੀਂ ਕਰ ਰਹੇ। ਰਾਜਾਂ ਦੇ ਗ੍ਰਹਿ ਮੰਤਰੀਆਂ ਦੇ ਇੱਥੇ ਕਰਵਾਏ ਗਏ ਦੋ ਦਿਨਾ ‘ਚਿੰਤਨ ਸ਼ਿਵਿਰ’ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਤਾਕਤਾਂ ਨੂੰ ਚਿਤਾਵਨੀ ਦਿੱਤੀ ਜੋ ਨੌਜਵਾਨਾਂ ਨੂੰ ਕੱਟੜਵਾਦ ਵੱਲ ਧੱਕਣ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਮਾਗਾਂ ਨੂੰ ਦੂਸ਼ਿਤ ਕਰਨ ਲਈ ਆਪਣੇ ਬੌਧਿਕ ਦਾਇਰੇ ਨੂੰ ਵਧਾ ਰਹੀਆਂ ਹਨ। ਉਨ੍ਹਾਂ ਕਿਹਾ, ‘ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਹੋਣ ਤੋਂ ਰੋਕਣ ਲਈ ਨਕਸਲਵਾਦ ਦੇ ਹਰ ਸਰੂਪ ਨੂੰ ਜੜ੍ਹੋਂ ਪੁੱਟ ਕੇ ਸੁੱਟਣਾ ਹੋਵੇਗਾ, ਫੇਰ ਉਹ ਚਾਹੇ ਬੰਦੂਕ ਦਾ ਰੂਪ ਵਿਚ ਹੋਵੇ ਜਾਂ ਕਲਮ ਦਾ।’ ਮੋਦੀ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਰ ਤੇ ਸਰਦਾਰ ਪਟੇਲ ਦੀ ਪ੍ਰੇਰਣਾ ਨਾਲ ‘ਅਸੀਂ ਅਜਿਹੀ ਕਿਸੇ ਵੀ ਤਾਕਤ ਨੂੰ ਆਪਣੇ ਦੇਸ਼ ਵਿਚ ਵਧਣ-ਫੁੱਲਣ ਨਹੀਂ ਦੇ ਸਕਦੇ।’ ਅਪਰਾਧ ਤੇ ਅਪਰਾਧੀਆਂ ਉਤੇ ਨਕੇਲ ਕੱਸਣ ਲਈ ਰਾਜਾਂ ਦਰਮਿਆਨ ਨੇੜਲੇ ਸਹਿਯੋਗ ਦੀ ਵਕਾਲਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰੀ ਸੰਘਵਾਦ ਨਾ ਸਿਰਫ਼ ਸੰਵਿਧਾਨ ਦੀ ਭਾਵਨਾ ਹੈ ਬਲਕਿ ਇਹ ਕੇਂਦਰ ਤੇ ਰਾਜਾਂ ਦੀ ਜ਼ਿੰਮੇਵਾਰੀ ਵੀ ਹੈ।’ ਉਨ੍ਹਾਂ ਕਿਹਾ, ‘ਪੁਲੀਸ ਲਈ ਇਕ ਰਾਸ਼ਟਰ ਇਕ ਵਰਦੀ ਸਿਰਫ਼ ਇਕ ਵਿਚਾਰ ਹੈ। ਇਸ ਬਾਰੇ ਸੂਬੇ ਸੋਚ ਸਕਦੇ ਹਨ। ਇਹ ਪੰਜ, 50 ਜਾਂ 100 ਸਾਲਾਂ ਵਿਚ ਹੋ ਸਕਦਾ ਹੈ। ਪਰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਇਸ ਨਾਲ ਪੁਲੀਸ ਕਰਮੀਆਂ ਨੂੰ ਇਕ ਆਮ ਪਛਾਣ ਵੀ ਮਿਲੇਗੀ ਤੇ ਲੋਕ ਉਨ੍ਹਾਂ ਨੂੰ ਦੇਸ਼ ਵਿਚ ਕਿਤੇ ਵੀ ਪਛਾਣ ਸਕਣਗੇ। ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਨੂੰ ਪੁਰਾਣੇ ਕਾਨੂੰਨਾਂ ਦੀ ਸਮੀਖਿਆ ਕਰਨ ਤੇ ਵਰਤਮਾਨ ਸੰਦਰਭ ਵਿਚ ਉਨ੍ਹਾਂ ’ਚ ਸੁਧਾਰ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਾਨੂੰਨ-ਵਿਵਸਥਾ ਤੇ ਸੁਰੱਖਿਆ ਦੀਆਂ ਉੱਭਰਦੀਆਂ ਚੁਣੌਤੀਆਂ ਦੇ ਹੱਲ ਲਈ ਸਾਰੀਆਂ ਏਜੰਸੀਆਂ ਦਰਮਿਆਨ ਤਾਲਮੇਲ ਬਿਠਾਉਣ ਦੀ ਵੀ ਅਪੀਲ ਕੀਤੀ। ਮੋਦੀ ਨੇ ਇਸ ਮੌਕੇ ਕਿਹਾ ਕਿ ਤਕਨੀਕੀ ਤੌਰ ਉਤੇ ਵੀ ਇਕ ਸਾਂਝਾ ਮੰਚ ਬਣਾਉਣ ਦੀ ਲੋੜ ਹੈ ਜਿਸ ਨੂੰ ਸਾਰੇ ਵਰਤ ਸਕਣ। ਸੂਬੇ ਆਪਣੀਆਂ ਸਰਵੋਤਮ ਕੋਸ਼ਿਸ਼ਾਂ ਨੂੰ ਇਕ-ਦੂਜੇ ਨਾਲ ਸਾਂਝੀਆਂ ਕਰ ਰਹਿਣਾ ਪਵੇਗਾ। ਇਸ ਸ਼ਿਵਿਰ ਵਿਚ ਰਾਜਾਂ ਦੇ ਗ੍ਰਹਿ ਮੰਤਰੀਆਂ ਤੋਂ ਇਲਾਵਾ ਉੱਥੋਂ ਦੇ ਗ੍ਰਹਿ ਸਕੱਤਰ, ਡੀਜੀਪੀਜ਼ ਤੇ ਕੇਂਦਰੀ ਸੁਰੱਖਿਆ ਬਲਾਂ ਦੇ ਡੀਜੀ ਵੀ ਸ਼ਾਮਲ ਹੋਏ। 

Add a Comment

Your email address will not be published. Required fields are marked *