ਕੈਲੀਫੋਰਨੀਆ ‘ਚ ਵੱਖ-ਵੱਖ ਅਹੁਦਿਆਂ ਦੇ ਉਮੀਦਵਾਰਾਂ ਤੇ ਵੋਟਰਾਂ ਦਾ ਮੇਲ-ਜੋਲ ਸਮਾਗਮ ਰਿਹਾ ਕਾਮਯਾਬ

ਫਰਿਜ਼ਨੋ/ਕੈਲੀਫੋਰਨੀਆ : ਅਮਰੀਕਾ ‘ਚ ਮਿਡ ਟਰਮ ਚੋਣਾਂ ਸਿਰ ਤੇ ਹਨ, ਇਸੇ ਕੜੀ ਤਹਿਤ ਲੀਡਰ ਵੋਟਰਾਂ ਨੂੰ ਲੁਭਾਉਣ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਮੀਟਿੰਗਾਂ ਕਰ ਰਹੇ ਹਨ। ਇਸੇ ਸਿਲਸਿਲੇ ਤਹਿਤ ਲੀਡਰ ਬੇਕਰਸਫੀਲਡ ਸ਼ਹਿਰ ਪੰਜਾਬੀ ਦੇ ਗੜ੍ਹ ‘ਚ ਪਹੁੰਚੇ, ਜਿੱਥੇ ਕਾਂਗਰਸਮੈਨ ਡੇਵਿਡ ਵਾਲਾਡਿਓ, ਸਟੇਟ ਸੈਨੇਟਰ ਸ਼ੈਨਨ ਗਰੋਵ, ਅਸੈਂਬਲੀਮੈਨ ਵਿਨਸ ਫਾਂਗ, ਸਟੇਟ ਸੈਨੇਟਰ ਡਿਸਟ੍ਰਿਕਟ 16 ਦੇ ਉਮੀਦਵਾਰ ਡੇਵਿਡ ਸ਼ੈਪਰਡ, ਬੇਕਰਸਫੀਲਡ ਸਿਟੀ ਕਾਊਂਸਲ ਦੇ ਉਮੀਦਵਾਰ ਟਿੰਮ ਕਾਲਿੰਸ, ਲਮੌਂਟ ਸਕੂਲ ਬੋਰਡ ਟਰੱਸਟੀ ਅਲੈਖਸਿਸ ਗਾਰੇ ਅਤੇ ਬਹੁ-ਗਿਣਤੀ ਵਿੱਚ ਵੋਟਰਾਂ ਅਤੇ ਵੱਡੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਆਏ ਸੂਝਵਾਨ ਵੋਟਰਾਂ ਨੇ ਮਹੱਤਵਪੂਰਨ ਸਵਾਲਾਂ ਦੀਆਂ ਝੜੀਆਂ ਲਗਾ ਦਿੱਤੀਆਂ ਅਤੇ ਸਭ ਉਮੀਦਵਾਰਾਂ ਨੇ ਸਵਾਲਾਂ ਦੇ ਸਮਝਦਾਰੀ ਨਾਲ ਬਹੁਤ ਪ੍ਰਭਾਵਸ਼ਾਲੀ ਜਵਾਬ ਦਿੱਤੇ। ਕਾਂਗਰਸਮੈਨ ਵਾਲਾਡਿਓ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਲੀਫੋਰਨੀਆ ਦੇ ਪਾਣੀਆਂ ਦੇ ਸੰਕਟ ਹੱਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਨਹੀਂ ਤਾਂ ਮੌਜੂਦਾ ਪਾਣੀਆਂ ਦਾ ਸੰਕਟ ਭਵਿੱਖ ਵਿੱਚ ਬਹੁਤ ਘਾਤਕ ਸਿੱਧ ਹੋਇਗਾ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੇ ਚੁਣੇ ਨੁਮਾਇੰਦੇ ਆਪਣੀਆਂ ਪਾਰਟੀਆਂ ਦੀ ਜਗ੍ਹਾ ਲੋਕਾਂ ਦੇ ਵਾਸਤੇ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਕੈਲੀਫੋਰਨੀਆ ਦੇ ਲੋਕਾਂ ਦੇ ਹਾਲਾਤ ਬਿਹਤਰ ਹੋ ਸਕਦੇ ਹਨ।

ਸੈਨੇਟਰ ਸ਼ੈਨਨ ਗਰੋਵ ਨੇ ਮੌਜੂਦਾ ਕਾਰੋਬਾਰੀ ਸੰਕਟਾਂ ਨਾਲ ਨਜਿੱਠਣ ਦੇ ਬਿਹਤਰ ਹੱਲ ਸਾਂਝੇ ਕੀਤੇ। ਡੇਵਿਡ ਸ਼ੈਪਰਡ ਨੇ ਵੀ ਖੇਤੀ-ਬਾੜੀ, ਪਾਣੀ ਅਤੇ ਕਾਰੋਬਾਰੀ ਸੰਕਟਾਂ ਦੇ ਹੱਲ ਦੱਸੇ। ਅਸੈਂਬਲੀਮੈਨ ਵਿਨਸ ਫਾਂਗ ਨੇ ਬਿਹਤਰ ਪ੍ਰਤੀਨਿਧੀਆਂ ਦੀ ਚੋਣ ਦੀ ਗੱਲ ਕੀਤੀ। ਮਨਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਬਿਹਤਰ ਬਣਾਉਣ ਲਈ ਕਾਂਗਰਸਮੈਨ ਡੇਵਿਡ ਵਾਲਾਡਿਓ, ਸੈਨੇਟਰ ਸ਼ੈਨਨ ਗਰੋਵ, ਅਸੈਂਬਲੀਮੈਨ ਵਿਨਸ ਫਾਂਗ, ਡੇਵਿਡ ਸ਼ੈਪਰਡ, ਨੈਥਨ ਹਾਕਮੈਨ ਅਤੇ ਇਨ੍ਹਾਂ ਵਰਗੀ ਸੋਚ ਰੱਖਣ ਵਾਲੇ ਪ੍ਰਤੀਨਿਧੀਆਂ ਦੀ ਲੋੜ ਹੈ। ਹੋਰਨਾਂ ਉਮੀਦਵਾਰਾਂ ਨੇ ਵੀ ਵਧੀਆ ਪੱਖ ਰੱਖੇ, ਜਿਨ੍ਹਾਂ ਤੋਂ ਵੋਟਰ ਬਹੁਤ ਖੁਸ਼ ਹੋਏ ਅਤੇ ਪੂਰਨ ਤੌਰ ‘ਤੇ ਬਹੁਮਤ ਦੇਣ ਦਾ ਵਾਅਦਾ ਵੀ ਕੀਤਾ।

ਵੋਟਰਾਂ ਨੇ ਕਿਹਾ ਕਿ ਰਾਬ ਬਾਨਟਾ (ਅਟਾਰਨੀ ਜਨਰਲ), ਰੂਡੀ ਸਾਲਸ (ਕਾਂਗਰਸਮੈਨ ਅਹੁਦੇ ਦਾ ਉਮੀਦਵਾਰ), ਮੈਲੀਸਾ ਹੁਰਤਾਧੋ (ਸਟੇਟ ਸੈਨੇਟਰ) ਅਤੇ ਹੋਰ ਡੈਮੋਕ੍ਰੇਟਿਕ ਉਮੀਦਵਾਰ ਆਪਣੇ ਵਿਰੋਧੀ ਉਮੀਦਵਾਰਾਂ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਲਗਾਤਾਰ ਭੱਜ ਰਹੇ ਹਨ। ਜਿਹੜੇ ਅਯੋਗ ਪ੍ਰਤੀਨਿਧੀ ਅੱਜ ਸਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਨਹੀਂ, ਉਨ੍ਹਾਂ ਤੋਂ ਲੋਕ ਭਲਾਈ ਦੀ ਕੋਈ ਆਸ ਨਹੀਂ। ਇਨ੍ਹਾਂ ਲੋਕਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਕੈਲੀਫੋਰਨੀਆ ‘ਚ ਅਪਰਾਧ ਬਹੁਤ ਵੱਧ ਗਏ, ਚੰਗੇ-ਭਲੇ ਚੱਲਦੇ ਕਾਰੋਬਾਰ ਠੱਪ ਹੋ ਗਏ, ਖੇਤੀ-ਬਾੜੀ ਤੇ ਟਰਕਿੰਗ ਇੰਡਸਟਰੀ ਉਝੜਨ ਦੀ ਕਗਾਰ ‘ਤੇ ਹੈ, ਪਾਣੀਆਂ ਦੀ ਸਮੱਸਿਆ ਵੱਧ ਗਈ ਅਤੇ ਹੋਰਨਾਂ ਕਾਰੋਬਾਰਾਂ ਦਾ ਕੋਈ ਭਵਿੱਖ ਨਹੀਂ ਹੈ। ਮਾੜੇ ਪ੍ਰਤੀਨਿਧੀਆਂ ਤੋਂ ਅੱਕੇ ਲੋਕ ਅੱਜ ਬਦਲਾਅ ਚਾਹੁੰਦੇ ਹਨ।

Add a Comment

Your email address will not be published. Required fields are marked *