ਮੈਕਸੀਕੋ ਦਾ ਅਹਿਮ ਫ਼ੈਸਲਾ, ਸਾਰੇ ਰਾਜਾਂ ‘ਚ ‘ਸਮਲਿੰਗੀ ਵਿਆਹ’ ਨੂੰ ਮਿਲੀ ਕਾਨੂੰਨੀ ਮਾਨਤਾ

ਮੈਕਸੀਕੋ – ਮੈਕਸੀਕੋ ਦੇ ਸਰਹੱਦੀ ਰਾਜ ਤਾਮਾਉਲਿਪਾਸ ਦੀ ਵਿਧਾਨ ਸਭਾ ਨੇ ਬੁੱਧਵਾਰ ਨੂੰ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਾਲ ਤਾਮਾਉਲਿਪਾਸ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਮੈਕਸੀਕੋ ਦਾ 32ਵਾਂ ਅਤੇ ਆਖਰੀ ਰਾਜ ਬਣ ਗਿਆ। ਸਮਲਿੰਗੀ ਵਿਆਹ ਨੂੰ ਕਾਨੂੰਨੀ ਬਣਾਉਣ ਲਈ ਸਿਵਲ ਕੋਡ ਵਿੱਚ ਸੋਧ ਕਰਨ ਲਈ ਪੇਸ਼ ਕੀਤੇ ਗਏ ਬਿੱਲ ਨੂੰ 12 ਦੇ ਮੁਕਾਬਲੇ 23 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ ਜਦਕਿ ਦੋ ਮੈਂਬਰ ਗੈਰ ਹਾਜ਼ਰ ਰਹੇ। ਇਸ ਨਾਲ ਸਮਲਿੰਗੀ ਵਿਆਹ ਦੇ ਸਮਰਥਕਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇਖਣ ਨੂੰ ਮਿਲੀ। 

ਜਦੋਂ ਬਿੱਲ ਨੂੰ ਸਦਨ ਵਿੱਚ ਪਾਸ ਕਰਨ ਲਈ ਪੇਸ਼ ਕੀਤਾ ਗਿਆ ਤਾਂ ਇਸ ਦੇ ਸਮਰਥਕ ਅਤੇ ਵਿਰੋਧੀ ਹਾਜ਼ਰੀਨ ਗੈਲਰੀ ਵਿੱਚ ਮੌਜੂਦ ਸਨ ਅਤੇ ਨਾਅਰੇਬਾਜ਼ੀ ਕਰਦੇ ਹੋਏ ਮੈਂਬਰਾਂ ਨੂੰ ਬਹਿਸ ਅਤੇ ਵੋਟਿੰਗ ਨੂੰ ਸਮਾਪਤ ਕਰਨ ਲਈ ਦੂਜੇ ਚੈਂਬਰ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ। ਮੈਕਸੀਕੋ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਆਰਟੂਰੋ ਜਲਦੀਵਾਰ ਨੇ ਬਿੱਲ ਦੇ ਪਾਸ ਹੋਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਪੂਰਾ ਦੇਸ਼ ਸਤਰੰਗੀ ਪੀਂਘ ਦੇ ਰੰਗਾਂ ਨਾਲ ਚਮਕ ਰਿਹਾ ਹੈ। ਹਰ ਕੋਈ ਸਨਮਾਨ ਅਧਿਕਾਰ ਨਾਲ ਰਹੇਗਾ। ਇਸ ਤੋਂ ਪਹਿਲਾਂ ਦੱਖਣੀ ਰਾਜ ਗੁਆਰੇਰੋ ਨੇ ਵੀ ਸਮਲਿੰਗੀ ਵਿਆਹ ਨੂੰ ਮਨਜ਼ੂਰੀ ਦੇਣ ਲਈ ਅਜਿਹਾ ਕਾਨੂੰਨ ਪਾਸ ਕੀਤਾ ਸੀ। ਜ਼ਿਕਰਯੋਗ ਹੈ ਕਿ ਸਾਲ 2015 ‘ਚ ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ‘ਤੇ ਰੋਕ ਲਗਾਉਣ ਵਾਲੇ ਸੂਬੇ ਦੇ ਕਾਨੂੰਨ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਸੀ ਪਰ ਕੁਝ ਸੂਬਿਆਂ ਨੂੰ ਇਸ ਨਾਲ ਜੁੜੇ ਕਾਨੂੰਨ ‘ਚ ਸੋਧ ਕਰਨ ‘ਚ ਕਈ ਸਾਲ ਲੱਗ ਗਏ।

Add a Comment

Your email address will not be published. Required fields are marked *