RBI ਨੇ ਸਾਢੇ ਤਿੰਨ ਸਾਲ ‘ਚ ਸਭ ਤੋਂ ਜ਼ਿਆਦਾ ਨਕਦੀ ਪਾਈ

ਨਵੀਂ ਦਿੱਲੀ– ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਬੈਂਕਿੰਗ ਤੰਤਰ ਵਿੱਚ ਸਭ ਤੋਂ ਵੱਧ ਨਕਦੀ ਪਾਈ ਹੈ। ਇਹ ਤੋਂ ਇਹ ਸੰਕੇਤ ਮਿਲਦਾ ਹੈ ਕਿ ਬੈਂਕਾਂ ਨੂੰ ਨਕਦੀ ਦੀ ਕਿੱਲਤ ਹੋ ਰਹੀ ਹੈ। ਆਰ.ਬੀ.ਆਈ. ਨੇ 21 ਅਕਤੂਬਰ ਨੂੰ ਬੈਂਕਿੰਗ ਤੰਤਰ ਵਿੱਚ 72,860.70 ਕਰੋੜ ਰੁਪਏ ਦੀ ਨਕਦੀ ਪਾਈ, ਜੋ ਕਿ 30 ਅਪ੍ਰੈਲ, 2019 ਤੋਂ ਬਾਅਦ ਸਭ ਤੋਂ ਵੱਧ ਹੈ। ਇਸ ਤੋਂ ਬਾਅਦ 24 ਅਕਤੂਬਰ ਨੂੰ ਵੀ ਕੇਂਦਰੀ ਬੈਂਕ ਨੇ 62,835.70 ਕਰੋੜ ਰੁਪਏ ਦੀ ਨਕਦੀ ਪਾਈ ਹੈ। ਬੈਂਕਿੰਗ ਤੰਤਰ ਵਿੱਚ ਤਰਲਤਾ ਵਧਾਉਣ ਨਾਲ ਸਪੱਸ਼ਟ ਹੈ ਕਿ ਬੈਂਕਾਂ ਦੇ ਕੋਲ ਨਕਦੀ ਦੀ ਕਿੱਲਤ ਹੈ। ਮੰਨਿਆ ਜਾ ਰਿਹਾ ਹੈ ਕਿ ਜੀ. ਐੱਸ. ਟੀ. ਭੁਗਤਾਨ ਅਤੇ ਤਿਉਹਾਰੀ ਸੀਜ਼ਨ ‘ਚ ਨੋਟਾਂ ਦਾ  ਪ੍ਰਚਲਨ ਵਧਣ ਕਾਰਨ ਬੈਂਕਾਂ ਕੋਲ ਨਕਦੀ ਦੀ ਕਮੀ ਆਈ ਹੈ। ਪਹਿਲਾਂ ਬੈਂਕਾਂ ਕੋਲ ਵਾਧੂ ਨਕਦੀ ਸੀ ਜਿਸ ਨੂੰ ਵਾਪਸ ਲੈਣ ਲਈ ਆਰ.ਬੀ.ਆਈ. ਨੇ ਕਈ ਉਪਾਅ ਕੀਤੇ ਸਨ।
ਆਰ.ਬੀ.ਆਈ ਦੁਆਰਾ ਅਪ੍ਰੈਲ ਤੋਂ ਔਸਤਨ 7 ਲੱਖ ਕਰੋੜ ਰੁਪਏ ਦੀ ਨਕਦੀ ਖਿੱਚੀ ਜਾ ਰਹੀ ਸੀ ਜੋ ਅਕਤੂਬਰ ਵਿੱਚ ਘਟ ਕੇ 1 ਲੱਖ ਕਰੋੜ ਰੁਪਏ ਤੋਂ ਘੱਟ ਹੋ ਗਈ ਸੀ। ਇਸ ਮਹੀਨੇ ਹੁਣ ਤੱਕ, 14 ਵਾਰ ਵਾਧੂ ਨਕਦੀ ਖਿੱਚੀ ਗਈ ਹੈ ਅਤੇ ਸੱਤ ਵਾਰ ਨਕਦੀ ਪਾਈ ਗਈ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ ਆਰ.ਬੀ.ਆਈ. ਬੈਂਕਾਂ ਨੂੰ ਉਧਾਰ ਨਾਲ ਪੂੰਜੀ ਜੁਟਾਉਣ ਲਈ ਰੈਪੋ ਵਿੰਡੋ ਦੀ ਸਹੂਲਤ ਨਹੀਂ ਦੇ ਰਿਹਾ ਹੈ ਕਿਉਂਕਿ ਦਰਾਂ ਪੂੰਜੀ ਬਾਜ਼ਾਰ ਵਿੱਚ ਸਭ ਤੋਂ ਉੱਚੀ ਵਿਆਜ ਦਰ ਦੇ ਨੇੜੇ ਹੈ।
ਆਈ.ਸੀ.ਆਈ.ਸੀ.ਆਈ ਸਕਿਓਰਿਟੀਜ਼ ਪ੍ਰਾਇਮਰੀ ਡੀਲਰਸ਼ਿਪ ਦੇ ਫਿਕਸਡ ਇਨਕਮ ਰਿਸਰਚ ਦੇ ਮੁਖੀ ਏ ਪ੍ਰਸੰਨਾ ਨੇ ਕਿਹਾ, “ਤੁਸੀਂ ਕਹਿ ਸਕਦੇ ਹੋ ਕਿ ਆਰ.ਬੀ.ਆਈ. ਉੱਚ ਦਰਾਂ ਨੂੰ ਬਰਦਾਸ਼ਤ ਕਰ ਸਕਦਾ ਹੈ ਪਰ ਉਹ ਰਾਤੋ-ਰਾਤ ਔਸਤ ਦਰ ਨੂੰ ਸੀਮਾਂਤ ਸਟੈਂਡਿੰਗ ਸਹੂਲਤ (ਐੱਮ.ਐੱਸ.ਐੱਫ) ਤੋਂ ਉੱਪਰ ਜਾਣ ਦੇਣ ਦੇ ਪੱਖ ਵਿੱਚ ਨਹੀਂ ਹੈ। ਇਸ ਲਈ ਜਦੋਂ ਤੱਕ ਦਰਾਂ ਐੱਮ.ਐੱਸ.ਐੱਫ ਦੇ ਆਲੇ-ਦੁਆਲੇ ਰਹਿੰਦੀਆਂ ਹਨ,ਉਦੋਂ ਤੱਕ ਆਰ.ਬੀ.ਆਈ. ਪੂੰਜੀ ਬਾਜ਼ਾਰ ਵਿੱਚ ਦਖਲ ਨਹੀਂ ਦੇਵੇਗਾ।
ਆਰ.ਬੀ.ਆਈ ਨੇ ਆਖਰੀ ਵਾਰ 21 ਸਤੰਬਰ ਨੂੰ ਬੈਂਕਾਂ ਲਈ ਰੈਪੋ ਵਿੰਡੋ ਦੀ ਸਹੂਲਤ ਦਿੱਤੀ ਸੀ। ਉਸ ਸਮੇਂ ਤਰਲਤਾ ਲਗਭਗ 20,000 ਕਰੋੜ ਰੁਪਏ ਘੱਟ ਸੀ। ਕੁੱਲ ਮਿਲਾ ਕੇ, ਬੈਂਕਿੰਗ ਤੰਤਰ ਵਿੱਚ ਅਜੇ ਵੀ ਵਾਧੂ ਨਕਦੀ ਹੈ ਅਤੇ ਅਕਤੂਬਰ ਵਿੱਚ ਆਰ.ਬੀ.ਆਈ ਦੀ ਐੱਮ.ਐੱਸ.ਐੱਫ ਵਿੰਡੋ ਨਾਲ ਉਧਾਰੀ ਵਧੀ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਬੈਂਕਾਂ ਨੂੰ ਪੂੰਜੀ ਦੀ ਲੋੜ ਹੈ, ਉਹ ਉੱਚੀਆਂ ਦਰਾਂ ‘ਤੇ ਆਰ.ਬੀ.ਆਈ ਤੋਂ ਉਧਾਰੀ ਜੁਟਾ ਰਹੇ ਹਨ। 

Add a Comment

Your email address will not be published. Required fields are marked *