ਸੇਰੇਨਾ ਵਿਲੀਅਮਸ ਟੈਨਿਸ ਤੋਂ ਨਹੀਂ ਲਵੇਗੀ ਸੰਨਿਆਸ, ਕੋਰਟ ‘ਤੇ ਵਾਪਸੀ ਦਾ ਦਿੱਤਾ ਸੰਕੇਤ

ਸਾਨ ਫਰਾਂਸਿਸਕੋ— ਅਮਰੀਕਾ ਦੀ ਮਹਾਨ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਸੰਨਿਆਸ ਲੈਣ ਨਾਲ ਜੁੜੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਸ ਦੇ ਟੈਨਿਸ ਕੋਰਟ ‘ਤੇ ਵਾਪਸੀ ਦੀਆਂ ਸੰਭਾਵਨਾਵਾਂ ‘ਬਹੁਤ ਜ਼ਿਆਦਾ’ ਹਨ। ਸੋਮਵਾਰ ਨੂੰ ਇੱਥੇ ਆਪਣੀ ਨਿਵੇਸ਼ ਕੰਪਨੀ ‘ਸੇਰੇਨਾ ਵੈਂਚਰਸ’ ਦੇ ਪ੍ਰਚਾਰ ਦੌਰਾਨ ਸੇਰੇਨਾ ਨੇ ਕਿਹਾ, ‘ਮੈਂ ਸੰਨਿਆਸ ਨਹੀਂ ਲਿਆ ਹੈ। ਮੇਰੀ ਵਾਪਸੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਤੁਸੀਂ ਮੇਰੇ ਘਰ ਆ ਕੇ ਦੇਖ ਸਕਦੇ ਹੋ, ਇੱਥੇ ਇਕ ਕੋਰਟ ਵੀ ਹੈ।’ ਜ਼ਿਕਰਯੋਗ ਹੈ ਕਿ 41 ਸਾਲਾ ਸੇਰੇਨਾ ਨੇ ਅਗਸਤ ‘ਚ ਜਾਰੀ ਇਕ ਬਿਆਨ ‘ਚ ਕਿਹਾ ਸੀ ਕਿ ਉਹ ‘ਟੈਨਿਸ ਤੋਂ ਬਾਹਰ ਹੋ ਰਹੀ ਹੈ।’

ਉਸ ਨੇ ਇਹ ਨਹੀਂ ਕਿਹਾ ਕਿ 2022 ਯੂਐਸ ਓਪਨ, ਜੋ 29 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ, ਉਸ ਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ, ਹਾਲਾਂਕਿ ਟੂਰਨਾਮੈਂਟ ਦੇ ਤੀਜੇ ਦੌਰ ਵਿੱਚ ਬਾਹਰ ਹੋਣ ਤੋਂ ਪਹਿਲਾਂ ਉਸ ਦਾ ਹਰ ਮੈਚ ਵਿੱਚ ਖੜ੍ਹੇ ਹੋ ਕੇ ਸਵਾਗਤ ਕੀਤਾ ਗਿਆ ਸੀ। 23 ਵਾਰ ਦੇ ਅਮਰੀਕੀ ਗ੍ਰੈਂਡ ਸਲੈਮ ਚੈਂਪੀਅਨ ਨੇ ਕਿਹਾ ਕਿ ਘਰੇਲੂ ਟੂਰਨਾਮੈਂਟ ਤੋਂ ਬਾਅਦ ਅਗਲੇ ਟੂਰਨਾਮੈਂਟ ਦੀ ਤਿਆਰੀ ਨਾ ਕਰਨਾ ਉਸ ਲਈ ਸੁਭਾਵਕ ਨਹੀਂ ਸੀ।

ਸੇਰੇਨਾ ਨੇ ਕਿਹਾ, ‘ਮੈਂ ਅਜੇ ਤਕ (ਰਿਟਾਇਰਮੈਂਟ) ਬਾਰੇ ਨਹੀਂ ਸੋਚਿਆ ਹੈ। ਮੈਂ ਯੂਐਸ ਓਪਨ ਦੇ ਦੂਜੇ ਦਿਨ ਉੱਠੀ ਅਤੇ ਕੋਰਟ ‘ਤੇ ਆ ਗਈ। ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਮੁਕਾਬਲੇ ਵਿੱਚ ਨਹੀਂ ਖੇਡ ਰਹੀ ਹਾਂ ਅਤੇ ਅਸਲ ਵਿੱਚ ਮੈਨੂੰ ਅਜੀਬ ਮਹਿਸੂਸ ਹੋਇਆ।’ ਉਸ ਨੇ ਕਿਹਾ, ‘ਇਹ ਮੇਰੀ ਬਚੀ ਹੋਈ ਜ਼ਿੰਦਗੀ ਦੇ ਪਹਿਲੇ ਦਿਨ ਵਰਗਾ ਸੀ। ਮੈਂ ਇਸਦਾ ਅਨੰਦ ਲੈ ਰਹੀ ਹਾਂ, ਪਰ ਮੈਂ ਅਜੇ ਵੀ ਸੰਤੁਲਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ।’

Add a Comment

Your email address will not be published. Required fields are marked *