ਭਾਰਤੀ ਟੀਮ ਨੇ ਲੰਚ ਦੇ ਬਾਇਕਾਟ ਤੋਂ ਬਾਅਦ ਪ੍ਰੈਕਟਿਸ ਤੋਂ ਕੀਤਾ ਇਨਕਾਰ

ਵੀਰਵਾਰ ਨੂੰ ਨੀਦਰਲੈਂਡ ਦੇ ਖ਼ਿਲਾਫ਼ ਟੀਮ ਦੇ ਦੂਜੇ ਟੀ-20 ਵਿਸ਼ਵ ਕੱਪ 2022 ਮੁਕਾਬਲੇ ਤੋਂ ਪਹਿਲਾਂ ਭਾਰਤੀ ਖੇਮੇ ਵਿੱਚ ਵਿਵਾਦ ਪੈਦਾ ਹੋ ਗਿਆ। ਭਾਰਤੀ ਟੀਮ ਨੇ ਪਹਿਲਾਂ ਸਖ਼ਤ ਅਭਿਆਸ ਤੋਂ ਬਾਅਦ “ਅਢੁਕਵੇਂ” ਭੋਜਨ ਮੈਨਿਊ ਅਤੇ ਠੰਡੇ ਸੈਂਡਵਿਚ ‘ਤੇ ਇਤਰਾਜ਼ ਜਤਾਇਆ ਸੀ, ਜਦੋਂ ਕਿ ਹੁਣ ਅਭਿਆਸ ਸੈਸ਼ਨ ਬਹੁਤ ਦੂਰ ਹੋਣ ਕਾਰਨ ਸਿਖਲਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਭਾਰਤੀ ਟੀਮ ਨੂੰ ਸਿਖਲਾਈ ਲਈ ਜੋ ਗਰਾਊਂਡ ਮੁਹੱਈਆ ਕਰਵਾਇਆ ਗਿਆ ਸੀ, ਉਹ ਟੀਮ ਦੇ ਹੋਟਲ ਤੋਂ 42 ਕਿਲੋਮੀਟਰ ਦੂਰ ਸੀ।
ਠੰਡਾ ਅਤੇ ਖਰਾਬ ਸੈਂਡਵਿਚ ਪਰੋਸਿਆ ਗਿਆ
ਬੀ.ਸੀ.ਸੀ.ਆਈ. ਸੂਤਰ ਦੇ ਮੁਤਾਬਕ ਭਾਰਤੀ ਟੀਮ ਨੂੰ ਜੋ ਖਾਣਾ ਪਰੋਸਿਆ ਗਿਆ ਸੀ, ਉਹ ਚੰਗਾ ਨਹੀਂ ਸੀ। ਉਨ੍ਹਾਂ ਨੂੰ ਸਿਰਫ਼ ਸੈਂਡਵਿਚ ਹੀ ਦਿੱਤੇ ਜਾਂਦੇ ਸਨ ਜਿਸ ਵਿੱਚ ਜ਼ਿਆਦਾ ਕੁਝ ਵਿਕਲਪ ਵੀ ਉਪਲਬਧ ਨਹੀਂ ਸਨ। ਰਿਪੋਰਟ ਮੁਤਾਬਕ ਖਾਣੇ ਦੇ ਇੰਤਜ਼ਾਮ ਤੋਂ ਪਰੇਸ਼ਾਨ ਟੀਮ ਇੰਡੀਆ ਨੇ ਲੰਚ ਵੀ ਨਹੀਂ ਕੀਤਾ ਅਤੇ ਫਿਰ ਹੋਟਲ ਵਾਪਸ ਆ ਕੇ ਉੱਥੇ ਖਾਣਾ ਖਾਧਾ।
ਆਈ.ਸੀ.ਸੀ. ਵੱਲੋਂ ਹੋ ਰਹੀ ਹੈ ਵਿਵਸਥਾ
ਗੌਰਤਲੱਬ ਹੈ ਕਿ ਟੀ-20 ਵਿਸ਼ਵ ਕੱਪ ਦੇ ਦੌਰਾਨ ਖਾਣੇ ਦਾ ਇੰਤਜ਼ਾਮ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਵੱਲੋਂ ਕੀਤਾ ਜਾ ਰਿਹਾ ਹੈ। ਆਈ.ਸੀ.ਸੀ. ਲੰਚ ਤੋਂ ਬਾਅਦ ਗਰਮ ਭੋਜਨ ਨਹੀਂ ਦੇ ਰਿਹਾ ਹੈ। ਜਦੋਂ ਕਿ ਦੋ-ਪੱਖੀ ਲੜੀ ਦੇ ਦੌਰਾਨ ਮੇਜ਼ਬਾਨ ਦੇਸ਼ ਖਾਣੇ ਦਾ ਇੰਤਜ਼ਾਮ ਕਰਦਾ ਹੈ।
ਟੀਮ ਇੰਡੀਆ ਅਭਿਆਸ ਤੋਂ ਵੀ ਰਹੀ ਦੂਰ 
ਭਾਰਤੀ ਟੀਮ ਆਪਣੇ ਦੂਜੇ ਮੈਚ ਦੇ ਲਈ ਅਭਿਆਸ ਸੈਸ਼ਨ ‘ਚ ਵੀ ਹਿੱਸਾ ਨਹੀਂ ਲੈ ਰਹੀ ਹੈ ਕਿਉਂਕਿ ਉਸ ਨੂੰ ਸਿਡਨੀ ਤੋਂ ਕਾਫ਼ੀ ਬਾਹਰ ਬਲੈਕਟਾਊਨ ਵਿੱਚ ਜਗ੍ਹਾ ਦਿੱਤੀ ਗਈ ਹੈ, ਜੋ ਟੀਮ ਹੋਟਲ ਤੋਂ ਕਰੀਬ 45 ਮਿੰਟ ਦੀ ਦੂਰੀ ‘ਤੇ ਹੈ। ਸੂਤਰ ਮੁਤਾਬਕ ਟੀਮ ਇੰਡੀਆ ਨੇ ਅਭਿਆਸ ਸੈਸ਼ਨ ‘ਚ ਇਸ ਲਈ ਹਿੱਸਾ ਨਹੀਂ ਲਿਆ ਕਿਉਂਕਿ ਉਨ੍ਹਾਂ ਨੂੰ ਬਲੈਕਟਾਊਨ (ਸਿਡਨੀ ਦੇ ਉਪਨਗਰ ‘ਚ) ‘ਚ ਅਭਿਆਸ ਸਥਾਨ ਦੀ ਪੇਸ਼ਕਸ਼ ਕੀਤੀ ਗਈ ਸੀ, ਜੋ ਟੀਮ ਹੋਟਲ ਤੋਂ 45 ਮਿੰਟ ਦੀ ਦੂਰੀ ‘ਤੇ ਹੈ।
ਪਾਕਿਸਤਾਨ ਦੇ ਖ਼ਿਲਾਫ਼ ਚਾਰ ਵਿਕਟਾਂ ਤੋਂ ਜਿੱਤੀ ਟੀਮ ਇੰਡੀਆ
ਦੱਸ ਦੇਈਏ ਕਿ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਮੈਲਬੌਰਨ ‘ਚ ਖੇਡੇ ਗਏ ਰੋਮਾਂਚਕ ਮੈਚ ‘ਚ ਟੀਮ ਇੰਡੀਆ ਨੇ ਵਿਰਾਟ ਕੋਹਲੀ ਦੀਆਂ 82 ਦੌੜਾਂ ਅਜੇਤੂ ਪਾਰੀ ਅਤੇ ਹਾਰਦਿਕ ਦੇ ਆਲ ਰਾਊਂਡਰ ਪ੍ਰਦਰਸ਼ਨ ਦੇ ਦਮ ‘ਤੇ ਪਾਕਿਸਤਾਨ ਸਾਹਮਣੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਸੀ।

Add a Comment

Your email address will not be published. Required fields are marked *