ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ‘ਤੇ ਪੰਜਾਬੀ ਇੰਡਸਟਰੀ ‘ਚ ਖੁਸ਼ੀ ਦਾ ਮਾਹੌਲ, ਸਾਂਝੀਆਂ ਕੀਤੀਆਂ ਪੋਸਟਾਂ

ਚੰਡੀਗੜ੍ਹ : ਆਸਟਰੇਲੀਆ ਦੇ ਮੇਲਬੋਰਨ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ਮੈਚ ‘ਚ ਭਾਰਤ ਨੇ ਚਮਤਕਾਰੀ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਹੈ ਪਰ ਇਸ ਮੈਚ ‘ਚ ਵਿਰਾਟ ਕੋਹਲੀ ਨੇ ਸਾਰੀ ਮਹਿਫ਼ਿਲ ਲੁੱਟ ਲਈ। ਵਿਰਾਟ ਕੋਹਲੀ ਨੇ ਬੀਤੇ ਦਿਨ ਪਾਕਿਸਤਾਨ ਖ਼ਿਲਾਫ਼ ਇਤਿਹਾਸਕ ਪਾਰੀ ਖੇਡੀ। ਪੂਰੇ ਦੇਸ਼ ‘ਚ ਬੱਸ ਇਹੋ ਚਰਚਾ ਹੈ ਕਿ ‘ਵਿਰਾਟ ਕਿੰਗ ਇਜ਼ ਬੈਕ’। ਇਸ ਦੌਰਾਨ ਵਿਰਾਟ ਕੋਹਲੀ ਨੇ 50 ਗੇਂਦਾਂ ‘ਚ 82 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਥੇ ਹੀ ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ ਤੋਂ ਪੰਜਾਬੀ ਇੰਡਸਟਰੀ ‘ਚ ਵੀ ਖੁਸ਼ੀ ਦੀ ਲਹਿਰ ਹੈ। ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਰਾਹੀਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। 

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਵਿਰਾਟ ਕੋਹਲੀ ਦੀ ਤਸਵੀਰ ਸ਼ੇਅਰ ਕੀਤੀ। ਹਾਲਾਂਕਿ ਉਨ੍ਹਾਂ ਨੇ ਕੋਈ ਕੈਪਸ਼ਨ ਤਾਂ ਨਹੀਂ ਪਾਈ ਤੇ ਨਾ ਹੀ ਕੋਹਲੀ ਦੇ ਨਾਂ ਕੋਈ ਸੰਦੇਸ਼ ਲਿਖਿਆ ਪਰ ਉਨ੍ਹਾਂ ਦੀ ਪੋਸਟ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਭਾਰਤ ਦੀ ਧਮਾਕੇਦਾਰ ਜਿੱਤ ਤੋਂ ਬੇਹੱਦ ਖੁਸ਼ ਹਨ।

ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਵਿਰਾਟ ਕੋਹਲੀ ਦੀ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, “ਅੱਗ ਲਗਾ ਦਿੱਤੀ ਵਿਰਾਟ ਕੋਹਲੀ।”

ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ। ਉਨ੍ਹਾਂ ਨੇ ਮੇਲਬੋਰਨ ਦੇ ਕ੍ਰਿਕੇਟ ਮੈਦਾਨ ਦਾ ਵੀਡੀਓ ਸ਼ੇਅਰ ਕੀਤਾ, ਜਿਸ ‘ਚ ਪੰਜਾਬੀ ਕਰਮਜੀਤ ਅਨਮੋਲ ਦੇ ਗਾਏ ਗੀਤ ‘ਯਾਰਾ ਵੇ’ ਤੇ ਥਿਰਕਦੇ ਨਜ਼ਰ ਆਏ। ਉਹ ਕਰਮਜੀਤ ਦੇ ਗੀਤ ‘ਤੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆਏ।

ਦੱਸਣਯੋਗ ਹੈ ਕਿ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਦੀ ਪਾਕਿਸਤਾਨ ਖਿਲਾਫ਼ ਜਿੱਤ ‘ਤੇ ਪੂਰੇ ਦੇਸ਼ ‘ਚ ਖੁਸ਼ੀ ਦੀ ਲਹਿਰ ਹੈ। ਹਰ ਕਿਸੇ ਦੀ ਜ਼ੁਬਾਨ ‘ਤੇ ਬੱਸ ਕੋਹਲੀ ਦਾ ਨਾਂ ਹੈ। ਆਖਿਰ ਕੋਹਲੀ ਨੇ ਸਾਬਤ ਕਰ ਹੀ ਦਿੱਤਾ ਹੈ ਕਿ ਉਹ ਕ੍ਰਿਕੇਟ ਦੇ ਕਿੰਗ ਸੀ ਤੇ ਹਮੇਸ਼ਾ ਰਹਿਣਗੇ।   

Add a Comment

Your email address will not be published. Required fields are marked *