ਦੂਜੇ AUS ਕਬੱਡੀ ਵਿਸ਼ਵ ਕੱਪ ‘ਚ ਮੈਲਬੌਰਨ ਨਿਵਾਸੀ ਨੇ ਜਿੱਤੀ ਰੇਂਜ ਰੋਵਰ ਕਾਰ

ਮੈਲਬੌਰਨ – ਖੱਖ ਪ੍ਰੋਡਕਸ਼ਨਜ਼ ਅਤੇ ਸਹਿਯੋਗੀਆਂ ਵੱਲੋਂ ਬੀਤੇ ਸ਼ਨੀਵਾਰ ਨੂੰ ਮੈਲਬੋਰਨ ਦੇ ਐਪਿੰਗ ਇਲਾਕੇ ਵਿੱਚ ਸਥਿਤ ਸੌਕਰ ਸਟੇਡੀਅਮ ਵਿੱਚ ਦੂਜਾ AUS ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਬੱਡੀ ਪ੍ਰੇਮੀਆਂ ਨੇ ਹਾਜ਼ਰੀ ਭਰੀ। ਸ਼ੁਰੂਆਤ ਵਿੱਚ ਖਰਾਬ ਮੌਸਮ ਹੋਣ ਦੇ ਬਾਵਜੂਦ ਕਬੱਡੀ ਮੈਚਾਂ ਦਾ ਦਰਸ਼ਕਾਂ ਦਾ ਭਰਪੂਰ ਆਨੰਦ ਲਿਆ। 

ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਕਾਰ ਖੇਡਿਆਂ ਗਿਆ ਜੋ ਕਿ ਆਸਟ੍ਰੇਲੀਆ ਨੇ ਜਿੱਤਿਆ। ਇਹ ਮੁਕਾਬਲਾ ਇਨਾ ਦਿਲਚਸਪ ਸੀ ਕਿ ਖੇਡ ਪ੍ਰੇਮੀਆਂ ਨੇ ਕਬੱਡੀ ਖਿਡਾਰੀਆਂ ਤੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਸਰਵੋਤਮ ਧਾਵੀਂ ਹੀਰਾ ਭੱਟ ਅਤੇ ਸਰਵੋਤਮ ਜਾਫ਼ੀ ਸੰਨੀ ਕਾਲਾ ਸੰਘਿਆ ਨੂੰ ਚੁਣਿਆ ਗਿਆ ਤੇ ਦੋਹਾਂ ਖਿਡਾਰੀਆਂ ਨੂੰ ਬੁਲਟ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ 21 ਹਜ਼ਾਰ ਡਾਲਰ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 15 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਤੀਜੇ ਸਥਾਨ ਤੇ ਨਿਊਜ਼ੀਲੈਂਡ ਅਤੇ ਪਾਕਿਸਤਾਨ ਦੀ ਟੀਮ ਚੌਥੇ ਸਥਾਨ ਤੇ ਰਹੀ। 

ਇਸ ਕਬੱਡੀ ਕੱਪ ਵਿੱਚ ਖੁਸ਼ੀ ਦੁੱਗਾ, ਦੁੱਲਾ,ਅਰਸ਼ ਚੋਹਲਾ ਸਾਹਿਬ,,ਮੰਗੀ ਬੜਾ ਪਿੰਡ, ਅੰਬਾ ਸਮੇਤ ਕਈ ਅੰਤਰਰਾਸ਼ਟਰੀ ਖਿਡਾਰੀਆਂ ਨੇ ਆਪਣੀ ਦਰਸ਼ਨੀ ਖੇਡ ਦੇ ਜੌਹਰ ਵਿਖਾਏ ਅਤੇ ਦਰਸ਼ਕਾਂ ਦੀ ਵਾਹ ਵਾਹ ਖੱਟੀ ਫਾਈਨਲ ਮੁਕਾਬਲਾ ਖਤਮ ਹੋਣ ਤੋਂ ਉਪਰੰਤ ਪ੍ਰਬੰਧਕਾਂ ਵੱਲੋਂ ਮੀਡੀਆ ਅਤੇ ਸ਼ਹਿਰ ਦੀਆਂ ਮਾਣਯੋਗ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਲੱਕੀ ਡਰਾਅ ਕੱਢਿਆ ਗਿਆ।’ ਲੱਕੀ ਡਰਾਅ ਰਾਹੀਂ ‘ਰੇਜ਼ ਰੋਵਰ ਕਾਰ’ ਮੈਲਬੌਰਨ ਦੇ ਖੁਸ਼ਕਿਸਮਤ ਜੇਤੂ ਦੀਦਾਰ ਸਿੰਘ ਦੀ ਝੋਲੀ ਪਈ। ਇਹ ਕਬੱਡੀ ਇਤਿਹਾਸ ਵਿੱਚ ਦਰਸ਼ਕਾਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਇਨਾਮ ਹੈ।

ਦਰਸ਼ਕਾਂ ਦੇ ਮਨੋਰੰਜਨ ਲਈ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਅਤੇ ਚਾਈਨੀਜ਼ ਡ੍ਰੈਗਨ ਡਾਂਸ ਵੀ ਖਿੱਚ ਦਾ ਕੇਂਦਰ ਰਿਹਾ । ਕਬੱਡੀ ਕੁਮੈਂਟਰੀ ਦੀ ਸੇਵਾ ਅਮਰੀਕ ਖੋਸਾ ਕੋਟਲਾ, ਗੱਗੀ ਮਾਨ ਅਤੇ ਰੋਜ਼ੀ ਖਹਿਰਾ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦਲਜੀਤ ਸਿੱਧੂ ,ਦੀਪਕ ਬਾਵਾ ਅਤੇ ਅਮਰ ਸਿੰਘ ਸਿਡਨੀ ਵੱਲੋਂ ਬਾਖ਼ੂਬੀ ਨਿਭਾਈ ਗਈ ।

ਮੁੱਖ ਪ੍ਰਬੰਧਕ ਲਵ ਖੱਖ, ਅਰਸ਼ ਖੱਖ, ਪਰਵਿੰਦਰ ਸਿੰਘ ਸਾਬੀ, ਪਿੰਦਾ ਖਹਿਰਾ, ਗਿੰਦੀ ਹੰਸਰਾ, ਇੰਦਰ ਮਾਂਗਟ, ਕੇ ਪੀ ਸਿੰਘ ਅਤੇ ਸਮੁੱਚੀ ਟੀਮ ਨੇ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਸਮੂਹ ਖਿਡਾਰੀਆਂ, ਦਰਸ਼ਕਾਂ, ਮੀਡੀਆ ਸਮੇਤ ਸਾਰੇ ਸਹਿਯੋਗੀ ਖੇਡ ਕਲੱਬਾਂ ਦਾ ਧੰਨਵਾਦ ਵੀ ਕੀਤਾ।

Add a Comment

Your email address will not be published. Required fields are marked *