ਖਾਲਸਾ ਪੰਥ ਦੇ ਨਿਸ਼ਕਾਮ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਭਾਟੀਆ ਨਹੀਂ ਰਹੇ

ਨਿਊਯਾਰਕ : ਕੈਲੀਫੋਰਨੀਆ ਸੂਬੇ ਵਿਚ ਰਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਭਾਟੀਆ, ਜਿੰਨਾਂ ਨੂੰ ਜਨਤਾ ‘ਭਾਟੀਆ ਅੰਕਲ’ ਵਜੋਂ ਵੀ ਜਾਣਦੀ ਹੈ, ਬੀਤੇ ਦਿਨ ਉਹਨਾਂ ਦਾ ਸੈਂਟਾ ਕਲਾਰਾ, ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ।ਉਹ ਖਾਲਸਾ ਪੰਥ ਦੇ ਇਕ ਨਿਸ਼ਕਾਮ ‘ਸੇਵਾਦਾਰ’ ਸਨ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਇਕ ਦਿਆਲੂ, ਮਿਲਾਪੜੇ ਇਨਸਾਨ ਸਨ। ਉਹ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਵੀ ਸਨ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਵੀ ਸਨ। 

ਉਹਨਾਂ ਨੇ ਯੂਨਾਈਟਿਡ ਸਿੱਖਸ ਨਾਲ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕੀਤਾ ਅਤੇ ਮਾਨਵਤਾਵਾਦੀ ਰਾਹਤ ਅਤੇ ਵਕਾਲਤ ਦੇ ਯਤਨਾਂ ਵਿੱਚ ਵਿਸ਼ਵ ਪੱਧਰ ‘ਤੇ ਕੌਮ ਦੀ ਸੇਵਾ ਕੀਤੀ। ਦੱਸਣਯੋਗ ਹੈ ਕਿ ਯੂਨਾਈਟਿਡ ਸਿੱਖਸ ਵਿੱਚ ਉਹਨਾਂ ਨੇ ਸਿੱਖ ਕੌਮ ਦੇ ਕਈਆਂ ਸਿੰਘਾਂ ਨਾਲ ਕੰਮ ਕੀਤਾ। ਅਮਰੀਕਾ ਵਿਚ ਵੱਸਦੇ ਪੰਜਾਬੀ ਭਾਈਚਾਰੇ ਨੇ ਉਹਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਹੀ ਦੁੱਖ ਮਨਾਇਆ। ਉਹਨਾਂ ਦੇ ਸਾਰੇ ਸੱਜਣਾ ਮਿੱਤਰਾਂ ਨੇ ਪਰਿਵਾਰ ਦੇ ਨਾਲ ਜਿੱਥੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਅਮਰੀਕਾ ਵਿਚ ਵੱਸਦੇ ਪੰਜਾਬੀ ਭਾਈਚਾਰੇ ਅਤੇ ਯੂਨਾਇਟਡ ਸਿੱਖ ਨਾਲ ਜੁੜੀਆਂ ਸਮੂਹ ਸੰਸਥਾਵਾਂ ਨੇ ਆਪਣੀ ਡੂੰਘੀ ਸੰਵੇਦਨਾ ਜਤਾਈ। ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਭਾਟੀਆ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ।

Add a Comment

Your email address will not be published. Required fields are marked *