ਕੇਂਦਰ ਵੱਲੋਂ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠਲੇ ਦੋ ਐੱਨਜੀਓਜ਼ ਦੇ ਲਾਇਸੈਂਸ ਰੱਦ

ਨਵੀਂ ਦਿੱਲੀ, 23 ਅਕਤੂਬਰ

ਕੇਂਦਰ ਸਰਕਾਰ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਅਗਵਾਈ ਹੇਠਲੇ ਦੋ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓਜ਼) ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐੱਫ) ਅਤੇ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ (ਆਰਜੀਸੀਟੀ) ਦੇ ਵਿਦੇਸ਼ੀ ਚੰਦਾ ਰੈਗੂਲੇਸ਼ਨ ਐਕਟ (ਐੱਫਸੀਆਰਏ) ਲਾਇਸੈਂਸ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਰੱਦ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ 2020 ’ਚ ਗਠਿਤ ਇੱਕ ਅੰਤਰ-ਮੰਤਰਾਲਾ ਕਮੇਟੀ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਇੱਕ ਅਧਿਕਾਰੀ ਨੇ ਕਿਹਾ, ‘ਰਾਜੀਵ ਗਾਂਧੀ ਫਾਊਂਡੇਸ਼ਨ ਅਤੇ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਖ਼ਿਲਾਫ਼ ਜਾਂਚ ਤੋਂ ਬਾਅਦ ਉਨ੍ਹਾਂ ਦਾ ਐੱਫਸੀਆਰਏ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।’ ਜਾਂਚ ਟੀਮ ਨੇ ਚੀਨ ਸਮੇਤ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਦੇ ਸਮੇਂ ਮਨੀ ਲਾਂਡਰਿੰਗ, ਫੰਡਾਂ ਦੀ ਦੁਰਵਰਤੋਂ ਤੇ ਆਮਦਨ ਕਰ ਰਿਟਰਨ ਦਾਖਲ ਕਰਦੇ ਸਮੇਂ ਦਸਤਾਵੇਜ਼ਾਂ ’ਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਕੀਤੀ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਆਰਜੀਐੱਫ ਤੇ ਆਰਜੀਸੀਟੀ ਦੀ ਪ੍ਰਧਾਨ ਹਨ। ਆਰਜੀਐੱਫ ਦੇ ਹੋਰਨਾਂ ਟਰੱਸਟੀਆਂ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ, ਕਾਂਗਰਸ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਮੌਂਟੇਕ ਸਿੰਘ ਆਹਲੂਵਾਲੀਆ, ਸੁਮਨ ਦੂਬੇ ਤੇ ਅਸ਼ੋਕ ਗਾਂਗੁਲੀ ਸ਼ਾਮਲ ਹਨ। ਆਰਜੀਸੀਟੀ ਦੇ ਟਰੱਸਟੀਆਂ ’ਚ ਰਾਹੁਲ ਗਾਂਧੀ, ਅਸ਼ੋਕ ਗਾਂਗੁਲੀ, ਬੰਸੀ ਮਹਿਤਾ ਤੇ ਦੀਪ ਜੋਸ਼ੀ ਸ਼ਾਮਲ ਹਨ। ਆਰਜੀਐੱਫ ਦੀ ਸਥਾਪਨਾ 1991 ਤੇ ਆਰਜੀਸੀਟੀ ਦੀ ਸਥਾਪਨਾ 2002 ’ਚ ਹੋਈ ਸੀ। ਦੋਵਾਂ ਸੰਗਠਨਾਂ ਦਾ ਦਫ਼ਤਰ ਨਵੀਂ ਦਿੱਲੀ ’ਚ ਸੰਸਦ ਕੰਪਲੈਕਸ ਨੇੜੇ ਰਾਜੇਂਦਰ ਪ੍ਰਸਾਦ ਰੋਡ ਨੇੜੇ ਜਵਾਹਰ ਭਵਨ ’ਚ ਹੈ। ਗ੍ਰਹਿ ਮੰਤਰਾਲੇ ਨੇ ਜੁਲਾਈ 2020 ’ਚ ਇੱਕ ਅੰਤਰ-ਮੰਤਰਾਲਾ ਕਮੇਟੀ ਬਣਾਈ ਸੀ, ਜਿਸ ਮਗਰੋਂ ਇਹ ਐੱਨਜੀਓ ਜਾਂਚ ਦੇ ਘੇਰੇ ’ਚ ਆਏ ਸਨ। ਇਨ੍ਹਾਂ ਤੋਂ ਇਲਾਵਾ ‘ਇੰਦਰਾ ਗਾਂਧੀ ਮੈਮੋਰੀਅਲ ਟਰੱਸਟ’ ਵੀ ਜਾਂਚ ਦੇ ਘੇਰੇ ’ਚ ਆਇਆ ਸੀ ਪਰ ਅਜੇ ਤੱਕ ਤੀਜੇ ਸੰਗਠਨ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। 

Add a Comment

Your email address will not be published. Required fields are marked *