ਇਮਰਾਨ ਖ਼ਾਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ, ਮੋਹਸਿਨ ਰਾਂਝਾ ਨੇ ਲਗਾਏ ਗੰਭੀਰ ਦੋਸ਼

ਇਸਲਾਮਾਬਾਦ – ਪਾਕਿਸਤਾਨ ਦੇ ਪੀ. ਐੱਮ. ਐੱਲ.-ਐੱਨ. ਨੇਤਾ ਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਮੋਹਸਿਨ ਸ਼ਾਹਨਵਾਜ਼ ਰਾਂਝਾ ਨੇ ਸ਼ਨੀਵਾਰ ਨੂੰ ਪੀ. ਟੀ. ਆਈ. ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ‘ਕਤਲ ਦੀ ਕੋਸ਼ਿਸ਼’ ਦਾ ਮਾਮਲਾ ਦਰਜ ਕਰਵਾਇਆ ਹੈ। ਮਾਮਲਾ ਰਾਜਧਾਨੀ ਦੇ ਸਕੱਤਰੇਤ ਪੁਲਸ ਸਟੇਸ਼ਨ ’ਚ ਦਰਜ ਕਰਵਾਇਆ ਗਿਆ ਹੈ।

ਜਿਓ ਨਿਊਜ਼ ਦੀ ਖ਼ਬਰ ਮੁਤਾਬਕ ਰਾਂਝਾ ਨੇ ਇਸਲਾਮਾਬਾਦ ’ਚ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਦਫ਼ਤਰ ਦੇ ਬਾਹਰ ਖ਼ੁਦ ’ਤੇ ਹਮਲੇ ਦੇ ਇਕ ਦਿਨ ਬਾਅਦ ਖ਼ਾਨ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਇਸ ਹਮਲੇ ਦੇ ਸਮੇਂ ਪੀ. ਟੀ. ਆਈ. ਕਾਰਕੁੰਨ ਤੇ ਸਮਰਥਕ ਈ. ਸੀ. ਪੀ. ਦੇ ਉਸ ਫ਼ੈਸਲੇ ਦਾ ਵਿਰੋਧ ਕਰ ਰਹੇ ਸਨ, ਜਿਸ ’ਚ ਤੋਸ਼ਾਖ਼ਾਨਾ ਮਾਮਲੇ ’ਚ ਉਨ੍ਹਾਂ ਦੇ ਪਾਰਟੀ ਮੁਖੀ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਖ਼ਾਨ ਨੂੰ ਅਯੋਗ ਐਲਾਨਣ ਦੇ ਈ. ਸੀ. ਪੀ. ਦੇ ਫ਼ੈਸਲੇ ਤੋਂ ਬਾਅਦ ਪੂਰੇ ਦੇਸ਼ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਚੋਣ ਕਮਿਸ਼ਨ ਨੇ ਇਹ ਵੀ ਫ਼ੈਸਲਾ ਸੁਣਾਇਆ ਕਿ ਪੀ. ਟੀ. ਆਈ. ਮੁਖੀ ਹੁਣ ਹੇਠਲੇ ਸਦਨ ਦੇ ਮੈਂਬਰ ਨਹੀਂ ਹਨ।

ਖ਼ਾਨ ਖ਼ਿਲਾਫ਼ ਐੱਫ. ਆਈ. ਆਰ. ’ਚ ਅਪਰਾਧ ’ਚ ਮਦਦ ਕਰਨ ਤੇ ਉਸ ਨੂੰ ਹੁੰਗਾਰਾ ਦੇਣ ਦਾ ਦੋਸ਼ ਲਗਾਇਆ ਗਿਆ ਹੈ, ਜਿਸ ’ਚ 5 ਹੋਰ ਧਾਰਾਵਾਂ ਤਹਿਤ ਕਤਲ ਦੀ ਕੋਸ਼ਿਸ਼ ਵੀ ਸ਼ਾਮਲ ਹੈ। ਐੱਫ. ਆਈ. ਆਰ. ’ਚ ਰਾਂਝਾ ਨੇ ਅੱਗੇ ਕਿਹਾ ਕਿ ਉਹ ਅਯੋਗ ’ਚ ਤੋਸ਼ਾਖ਼ਾਨਾ ਮਾਮਲੇ ’ਚ ਵਾਦੀ ਦੇ ਰੂਪ ’ਚ ਪੇਸ਼ ਹੋਏ ਸਨ। ਜਿਵੇਂ ਹੀ ਰਾਂਝਾ ਨੇ ਈ. ਸੀ. ਪੀ. ਤੋਂ ਬਾਹਰ ਕਦਮ ਰੱਖਿਆ, ਉਨ੍ਹਾਂ ’ਤੇ ‘ਪੀ. ਟੀ. ਆਈ. ਲੀਡਰਸ਼ਿਪ ਦੇ ਇਸ਼ਾਰੇ ’ਤੇ’ ‘ਕਤਲ ਦੇ ਇਰਾਦੇ’ ਨਾਲ ਹਮਲਾ ਕੀਤਾ ਗਿਆ।

ਰਾਂਝਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੀ ਕਾਰ ’ਤੇ ਵੀ ਹਮਲਾ ਕੀਤਾ ਗਿਆ ਸੀ ਤੇ ਕੱਚ ਤੋੜ ਕੇ ਉਸ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਐੱਫ. ਆਈ. ਆਰ. ’ਚ ਇਹ ਵੀ ਲਿਖਿਆ ਗਿਆ ਹੈ ਕਿ ਸ਼੍ਰੀਨਗਰ ਰਾਜਮਾਰਗ ਨੂੰ ਪੀ. ਟੀ. ਆਈ. ਲੀਡਰਸ਼ਿਪ ਦੇ ਇਸ਼ਾਰੇ ਬਲਾਕ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅੱਜ ਪੀ. ਟੀ. ਆਈ. ਲੀਡਰਸ਼ਿਪ ਖ਼ਿਲਾਫ਼ ਅੱਤਵਾਦ ਨਾਲ ਸਬੰਧਤ ਦੋ ਮਾਮਲੇ ਦਰਜ ਕੀਤੇ ਗਏ ਸਨ, ਜਿਸ ’ਚ ਖ਼ਾਨ, ਜਨਰਲ ਸਕੱਤਰ ਅਸਦ ਉਮਰ ਤੇ 100 ਹੋਰ ਪਾਰਟੀ ਕਾਰਕੁੰਨ ਸ਼ਾਮਲ ਸਨ।

Add a Comment

Your email address will not be published. Required fields are marked *