ਲੁਧਿਆਣਾ ਵਿੱਚ ਗੈਂਗਸਟਰ ਅਜੈ ਪੰਡਤ ਵੱਲੋਂ ਨੌਜਵਾਨ ਦਾ ਕਤਲ

ਲੁਧਿਆਣਾ, 22 ਅਕਤੂਬਰ– ਇਥੇ ਗੈਂਗਸਟਰਾਂ ਨੇ ਲੰਘੀ ਰਾਤ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਘਟਨਾ ’ਚ ਗੈਂਗਸਟਰ ਅਜੈ ਪੰਡਤ, ਉਸ ਦਾ ਭਰਾ ਰਾਜਨ ਪੰਡਤ ਤੇ ਉਸ ਦੇ ਸਾਥੀ ਸ਼ਾਮਲ ਹਨ। ਮ੍ਰਿਤਕ ਦੀ ਪਛਾਣ ਭਾਮੀਆਂ ਕਲਾਂ ਵਾਸੀ ਪਾਰਸ ਖੱਤਰੀ ਵਜੋਂ ਹੋਈ ਹੈ। ਇਸ ਹਮਲੇ ਵਿੱਚ ਇੱਕ ਅਭਿਸ਼ੇਕ ਨਾਮੀ ਨੌਜਵਾਨ ਵੀ ਫੱਟੜ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਸ਼ਹਿਰ ਦੇ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਪਾਰਸ ਆਪਣੇ ਦੋਸਤ ਸੰਦੀਪ ਨਾਲ ਫਾਇਨਾਂਸ ਦਾ ਕਾਰੋਬਾਰ ਕਰਦਾ ਹੈ। ਲੰਘੀ 10 ਅਕਤੂਬਰ ਨੂੰ ਸੰਦੀਪ ਤੇ ਪਾਰਸ ਆਪਣੇ ਸਾਥਿਆਂ ਨਾਲ ਕਚਹਿਰੀ ਨੇੜੇ ਕੋਈ ਕੰਮ ਗਏ ਸਨ, ਜਿਥੇ ਉਨ੍ਹਾਂ ਦੀ ਗੈਂਗਸਟਰ ਅਜੈ ਪੰਡਤ, ਉਸਦੇ ਭਰਾ ਰਾਜਨ ਪੰਡਤ ਤੇ ਛੋਟੂ ਜਵੱਦੀ ਦੇ ਨਾਲ ਕਿਸੇ ਗੱਲੋਂ ਬਹਿਸ ਹੋ ਗਈ ਸੀ ਪਰ ਉਸ ਵੇਲੇ ਲੋਕਾਂ ਨੇ ਉਨ੍ਹਾਂ ਨੂੰ ਸ਼ਾਂਤ ਕਰਵਾ ਦਿੱਤਾ ਸੀ। ਰਾਤ ਪਾਰਸ ਆਪਣੇ ਦੋਸਤ ਅਭਿਸ਼ੇਕ ਨਾਲ ਐਕਟਿਵਾ ’ਤੇ ਜਮਾਲਪੁਰ ਇਲਾਕੇ ਵਿੱਚ ਜਾ ਰਿਹਾ ਸੀ।

ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਅਭਿਸ਼ੇਕ ਨੂੰ ਡੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੀ ਸੰਦੀਪ ਨਾਲ ਪੁਰਾਣੀ ਰੰਜ਼ਿਸ਼ ਸੀ ਪਰ ਪਾਰਸ ਉਨ੍ਹਾਂ ਦੇ ਅੜਿੱਕੇ ਆ ਗਿਆ। ਥਾਣਾ ਜਮਾਲਪੁਰ ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।  

Add a Comment

Your email address will not be published. Required fields are marked *