ਚੌਰਾਹੇ ‘ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਸਾਹਨੇਵਾਲ : ਥਾਣਾ ਜਮਾਲਪੁਰ ਅਧੀਨ ਆਉਂਦੇ ਪਿੰਡ ਭਾਮੀਆਂ ਕਲਾਂ ਦੇ ਮੇਨ ਚੌਂਕ ’ਚ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਦੋਂ ਕੁੱਝ ਕਥਿਤ ਹਥਿਆਰਬੰਦ ਨੌਜਵਾਨਾਂ ਨੇ 2 ਨੌਜਵਾਨਾਂ ’ਤੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ’ਚੋਂ ਇਕ ਦੀ ਦੇਰ ਰਾਤ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਮੌਤ ਹੋ ਗਈ। ਇਹ ਸਾਰਾ ਸੀਨ ਦੇਖ ਕੇ ਪੂਰਾ ਪਿੰਡ ਪੂਰੀ ਤਰ੍ਹਾਂ ਸੁੰਨ ਹੋ ਗਿਆ ਪਰ ਥਾਣਾ ਜਮਾਲਪੁਰ ਦੀ ਪੁਲਸ ਨੂੰ ਕੀਤੇ ਗਏ ਮੋਬਾਇਲ ਕਾਲ ਦਾ ਅਸਰ ਕਰੀਬ 2 ਤੋਂ ਢਾਈ ਘੰਟੇ ਬਾਅਦ ਉਦੋਂ ਦੇਖਣ ਨੂੰ ਮਿਲਿਆ, ਜਦੋਂ ਖ਼ੁਦ ਜ਼ਿਲ੍ਹਾ ਪੁਲਸ ਕਮਿਸ਼ਨਰ ਸਾਹਿਬ ਦੇ ਨਿਰਦੇਸ਼ਾਂ ਤੋਂ ਬਾਅਦ ਜੇ. ਸੀ. ਪੀ. ਰਵਚਰਨ ਸਿੰਘ ਬਰਾੜ, ਏ. ਡੀ. ਸੀ. ਪੀ.-4 ਤੁਸ਼ਾਰ ਗੁਪਤਾ ਸਮੇਤ ਮੁਰਾਦ ਜਸਵੀਰ ਸਿੰਘ ਗਿੱਲ ਏ. ਸੀ. ਪੀ. ਇੰਡਸਟਰੀ ਏਰੀਆਂ-ਏ ਨੇ ਖ਼ੁਦ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਅਨੁਸਾਰ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਤਾਜਪੁਰ ਰੋਡ ਹੁੰਦਲ ਚੌਂਕ ’ਚ ਕੁੱਝ ਨੌਜਵਾਨਾਂ ਨਾਲ ਕਿਸੇ ਗੱਲ ਤੋਂ ਕੋਈ ਤਕਰਾਰ ਹੋਈ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੌਜਵਾਨ ਉੱਥੋਂ ਚਲੇ ਗਏ, ਜਿਨ੍ਹਾਂ ਦੇ ਪਿੱਛੇ ਇਕ ਆਟੋ ’ਚ ਸਵਾਰ ਕੁੱਝ ਨੌਜਵਾਨ ਭਾਮੀਆਂ ਕਲਾਂ ਪਿੰਡ ਦੇ ਚੌਂਕ ਤੱਕ ਪਹੁੰਚ ਗਏ। ਉਨ੍ਹਾਂ ਨੇ ਕਥਿਤ ਤੇਜ਼ਧਾਰ ਹਥਿਆਰਾਂ ਨਾਲ ਮੋਟਰਸਾਈਕਲ ਸਵਾਰ ਨੌਜਵਾਨਾਂ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖਮੀ ਹਾਲਤ ’ਚ 2 ਨੌਜਵਾਨਾਂ ਨੂੰ ਲੋਕਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਦੇਰ ਰਾਤ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਦੀ ਹਾਲਤ ਗੰਭੀਰ ਹੈ। ਮ੍ਰਿਤਕ ਦੀ ਪਛਾਣ ਪਾਰਸ ਖੱਤਰੀ ਅਤੇ ਜ਼ਖਮੀ ਦੀ ਅਭੀ ਵਜੋਂ ਹੋਈ ਹੈ। ਗੁਪਤ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਦੂਜੀ ਧਿਰ ’ਚ ਇਕ ਗੈਂਗਸਟਰ ਦੀ ਸ਼ਮੂਲੀਅਤ ਹੈ। ਪੁਲਸ ਨੇ ਇਸ ਕੇਸ ’ਚ ਅਣਪਛਾਤਿਆਂ ’ਤੇ ਧਾਰਾ-302 ਦਾ ਪਰਚਾ ਦਰਜ ਕੀਤਾ ਹੈ।

Add a Comment

Your email address will not be published. Required fields are marked *