ਆਂਧਰਾ ਪ੍ਰਦੇਸ਼ ’ਚ ਤੀਜੇ ਦਿਨ ਵੀ ਜਾਰੀ ਰਹੀ ਭਾਰਤ ਜੋੜੋ ਯਾਤਰਾ

ਕੁਰਨੂਲ, 20 ਅਕਤੂਬਰ– ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਅੱਜ ਲਗਾਤਾਰ ਤੀਜੇ ਦਿਨ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ’ਚ ਜਾਰੀ ਰਹੀ। ਉਨ੍ਹਾਂ ਅੱਜ ਸਵੇਰੇ ਯੇਮੀਗਨੂਰ ਮੰਡਲ ਦੇ ਬਨਵਾਸੀ ਪਿੰਡ ਤੋਂ ਯਾਤਰਾ ਸ਼ੁਰੂ ਕੀਤੀ। 

ਪਾਰਟੀ ਆਗੂਆਂ ਤੇ ਵਰਕਰਾਂ ਨਾਲ ਉਹ ਮੁਗਾਤੀ ਪਿੰਡ ਤੱਕ ਪੈਦਲ ਗਏ। ਰਾਹੁਲ ਗਾਂਧੀ ਨਾਲ ਆਂਧਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਐੱਸ ਸਾਈਲਾਜਨਾਥ, ਸਾਬਕਾ ਕੇਂਦਰੀ ਮੰਤਰੀ ਪੱਲਮ ਰਾਜੂ, ਸਾਬਕਾ ਸੰਸਦ ਮੈਂਬਰ ਬਾਪੀਰਾਜੂ ਤੇ ਪਾਰਟੀ ਦੇ ਹੋਰ ਆਗੂ ਅਤੇ ਸੈਂਕੜਿਆਂ ਦੀ ਗਿਣਤੀ ਪਾਰਟੀ ਵਰਕਰ ਯਾਤਰਾ ’ਚ ਸ਼ਾਮਲ ਹੋਏ। ਸ਼ਾਮ ਚਾਰ ਵਜੇ ਤੱਕ ਇਹ ਯਾਤਰਾ ਹਾਲਹਰਵੀ ਪਹੁੰਚੀ। ਰਾਹੁਲ ਗਾਂਧੀ ਇੱਥੇ ਸ੍ਰੀ ਰਾਘਵਨੇਂਦਰ ਸਵਾਮੀ ਮੱਠ ’ਚ ਮੱਠਾ ਟੇਕਣਗੇ ਅਤੇ ਰਾਤ ਨੂੰ ਮੰਤਰਲਾਇਮ ’ਚ ਸ੍ਰੀ ਸੁਬਧੇਂਦਰ ਤੀਰਥ ਨਾਲ ਮੁਲਾਕਾਤ ਕਰਨਗੇ। ਕੁਰਨੂਰ ਜ਼ਿਲ੍ਹੇ ਵਿਚਲੇ ਚਾਰ ਵਿਧਾਨ ਸਭਾ ਹਲਕਿਆਂ ’ਚ 100 ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ 21 ਅਕਤੂਬਰ ਨੂੰ ਇਹ ਯਾਤਰਾ ਆਂਧਰਾ ਪ੍ਰਦੇਸ਼ ’ਚ ਮੁਕੰਮਲ ਹੋਣ ਮਗਰੋਂ ਗੁਆਂਢੀ ਸੂਬੇ ਤਿਲੰਗਾਨਾ ’ਚ ਦਾਖਲ ਹੋਵੇਗੀ।  

ਅਡੋਨੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਆਂਧਰਾ ਪ੍ਰਦੇਸ਼ ’ਚ ਭਾਰਤ ਜੋੜੋ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਲੋਕਾਂ ਵੱਲੋਂ ਦਿੱਤੇ ਗਏ ਇੰਨੇ ਵੱਡੇ  ਹੁੰਗਾਰੇ ਤੋਂ ਸੂਬੇ ਦੇ ਕਾਂਗਰਸ ਆਗੂ  ਵੀ ਹੈਰਾਨ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਨੂੰ ਮੁੜ ਮਜ਼ਬੂਤ ਕਰਨ ਲਈ ਭਾਰਤ ਜੋੜੋ ਯਾਤਰਾ ਚੰਗੀ ਸ਼ੁਰੂਆਤ ਸਾਬਤ ਹੋਈ ਹੈ।

Add a Comment

Your email address will not be published. Required fields are marked *