ਵੈਸ਼ਾਲੀ ਠੱਕਰ ਖ਼ੁਦਕੁਸ਼ੀ ਕੇਸ ਦਾ ਭਗੌੜਾ ਮੁਲਜ਼ਮ ਰਾਹੁਲ ਨਵਲਾਨੀ ਗ੍ਰਿਫ਼ਤਾਰ

ਮੁੰਬਈ : ਟੀ. ਵੀ. ਅਦਾਕਾਰਾ ਵੈਸ਼ਾਲੀ ਠੱਕਰ ਖੁਦਕੁਸ਼ੀ ਮਾਮਲੇ ‘ਚ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਭਗੌੜੇ ਮੁਲਜ਼ਮ ਰਾਹੁਲ ਨਵਲਾਨੀ ਨੂੰ ਇੰਦੌਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਵੈਸ਼ਾਲੀ ਠੱਕਰ ਨੇ ਸ਼ਨੀਵਾਰ ਰਾਤ ਇੰਦੌਰ ‘ਚ ਖ਼ੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾਂ ਵੈਸ਼ਾਲੀ ਨੇ ਇੱਕ ਸੁਸਾਈਡ ਨੋਟ ਛੱਡਿਆ ਸੀ, ਜਿਸ ‘ਚ ਰਾਹੁਲ ਨਵਲਾਨੀ ਅਤੇ ਉਸ ਦੀ ਪਤਨੀ ਦਿਸ਼ਾ ਨਵਲਾਨੀ ਦੁਆਰਾ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ। 

ਇੰਦੌਰ ਦੇ ਪੁਲਸ ਕਮਿਸ਼ਨਰ ਹਰੀਨਾਰਾਇਣ ਚਾਰੀ ਮਿਸ਼ਰਾ ਨੇ ਦੱਸਿਆ ਕਿ ਰਾਹੁਲ ਅਤੇ ਉਸ ਦੀ ਪਤਨੀ ਦਿਸ਼ਾ ਨਵਲਾਨੀ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਕਾਰਨ ਪੁਲਸ ਵੱਲੋਂ ਦੋਵਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੁੱਧਵਾਰ ਸ਼ਾਮ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਅਤੇ ਮੁੱਖ ਦੋਸ਼ੀ ਰਾਹੁਲ ਨਵਲਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂਕਿ ਪਤਨੀ ਦਿਸ਼ਾ ਹਾਲੇ ਵੀ ਫ਼ਰਾਰ ਹੈ।

ਪੁਲਸ ਕਮਿਸ਼ਨਰ ਹਰੀਨਾਰਾਇਣ ਚਾਰੀ ਮਿਸ਼ਰਾ ਦਾ ਕਹਿਣਾ ਹੈ ਕਿ ਪੁਲਸ ਦੋਸ਼ੀ ਰਾਹੁਲ ਅਤੇ ਉਸ ਦੀ ਪਤਨੀ ਨੂੰ ਲੱਭਣ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਸੀ, ਜਦਕਿ ਪੁਲਸ ਨੇ ਦੋਸ਼ੀਆਂ ਨੂੰ ਫੜਨ ਲਈ ਮੁੰਬਈ ਰਾਜਸਥਾਨ ਸਮੇਤ ਕਈ ਥਾਵਾਂ ‘ਤੇ ਟੀਮਾਂ ਬਣਾਈਆਂ ਸਨ। ਜਾਂਚ ‘ਚ ਸਾਹਮਣੇ ਆਇਆ ਕਿ ਫਰਾਰ ਹੋਣ ਦੌਰਾਨ ਮੁਲਜ਼ਮ ਰਾਜਸਥਾਨ ਸਮੇਤ ਹੋਰ ਥਾਵਾਂ ’ਤੇ ਵੀ ਗਏ ਸਨ ਪਰ ਜਦੋਂ ਪੁਲਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਉਕਤ ਥਾਵਾਂ ਤੋਂ ਫ਼ਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਸ ਨੇ ਉਸ ਨੂੰ ਇੰਦੌਰ ਸ਼ਹਿਰ ਤੋਂ ਹੀ ਗਿ੍ਫ਼ਤਾਰ ਕਰ ਲਿਆ।

ਫਿਲਹਾਲ ਪੁਲਸ ਇਸ ਪੂਰੇ ਮਾਮਲੇ ‘ਚ ਫੜ੍ਹੇ ਗਏ ਦੋਸ਼ੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਸ ਕਿਸ ਤਰ੍ਹਾਂ ਅਤੇ ਕਿਹੜੇ ਸਬੂਤਾਂ ਦੇ ਆਧਾਰ ‘ਤੇ ਅਦਾਕਾਰਾ ਵੈਸ਼ਾਲੀ ਠੱਕਰ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਆਖਿਰ ਰਾਹੁਲ ਨਾਲ ਠੱਕਰ ਦੀ ਕਿਹੜੀ ਗੱਲ ਸੀ, ਜਿਸ ਕਾਰਨ ਰਾਹੁਲ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਪੁਲਸ ਇਸ ਤੋਂ ਪੁੱਛਗਿੱਛ ‘ਚ ਜੁਟੀ ਹੋਈ ਹੈ।

Add a Comment

Your email address will not be published. Required fields are marked *