ਟੀ-20 ਵਿਸ਼ਵ ਕੱਪ ’ਚ ਇਨ੍ਹਾਂ 5 ਬੱਲੇਬਾਜ਼ਾਂ ’ਤੇ ਰਹਿਣਗੀਆਂ ਨਜ਼ਰਾਂ

ਨਵੀਂ ਦਿੱਲੀ –ਆਸਟਰੇਲੀਆ ਦੇ ਮੈਦਾਨਾਂ ਦੀਆਂ ਲੰਬੀਆਂ ਬਾਊਂਡਰੀਆਂ ਨੂੰ ਦੇਖਦੇ ਹੋਏ ਵੱਡੀਆਂ ਸ਼ਾਟਾਂ ਖੇਡਣ ਲਈ ਪਾਵਰ ਹਿੱਟਰਸ ਦੀ ਲੋੜ ਪਵੇਗੀ ਪਰ ਇਹ 5 ਬੱਲੇਬਾਜ਼ ਟੀ-20 ਵਿਸ਼ਵ ਕੱਪ ’ਚ ਕਮਾਲ ਕਰ ਸਕਦੇ ਹਨ। ਪਿਛਲੇ ਇਕ ਸਾਲ ’ਚ ਇਨ੍ਹਾਂ ਸਾਰਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਟੀਮਾਂ ਨੂੰ ਇਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ।

ਸੂਰਯਕੁਮਾਰ ਯਾਦਵ (ਭਾਰਤ)

ਮਾਰਚ 2021 ’ਚ ਭਾਰਤ ਲਈ ਡੈਬਿਊ ਕਰਨ ਤੋਂ ਬਾਅਦ 32 ਸਾਲਾ ਸੂਰਯਕੁਮਾਰ ਯਾਦਵ ਟੀ-20 ਸਵਰੂਪ ’ਚ ਭਾਰਤ ਦਾ ਨੰਬਰ ਇਕ ਬੱਲੇਬਾਜ਼ ਬਣ ਗਿਆ ਹੈ। ਉਸ ਕੋਲ ਹਰ ਤਰ੍ਹਾਂ ਦੀਆਂ ਸ਼ਾਟਸ ਹਨ ਤੇ ਉਹ ਹੁਣ ਤਕ 34 ਟੀ-20 ਵਿਚ 176.81 ਦੀ ਔਸਤ ਨਾਲ ਦੌੜਾਂ ਬਣਾ ਚੁੱਕਾ ਹੈ, ਜਿਸ ’ਚ 9 ਅਰਧ ਸੈਂਕੜੇ ਤੇ 1 ਸੈਂਕੜਾ ਸ਼ਾਮਲ ਹੈ। ਭਾਰਤ ਨੂੰ ਉਮੀਦ ਹੈ ਕਿ ਟੀ-20 ਵਿਸ਼ਵ ਕੱਪ ਵਿਚ ਵੀ ਉਸ ਦੀ ਇਹ ਲੈਅ ਕਾਇਮ ਰਹੇਗੀ ਤੇ ਉਹ ਟੀਮ ਨੂੰ ਵੱਡਾ ਸਕੋਰ ਦੇ ਸਕੇਗਾ।

ਡੇਵਿਡ ਮਿਲਰ (ਦੱਖਣੀ ਅਫਰੀਕਾ)

ਪਿਛਲੇ ਇਕ ਸਾਲ ’ਚ ਮਿਲਰ ਨੇ ਦੱਖਣੀ ਅਫਰੀਕਾ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਆਈ. ਪੀ. ਐੱਲ. ਵਿਚ ਵੀ ਉਸ ਨੇ ਖਿਤਾਬ ਜਿੱਤਣ ਵਾਲੀ ਗੁਜਰਾਤ ਟਾਈਟਨਸ ਲਈ 68.71 ਦੀ ਔਸਤ ਨਾਲ 481 ਦੌੜਾਂ ਬਣਾਈਆਂ। ਕੌਮਾਂਤਰੀ ਕ੍ਰਿਕਟ ’ਚ ਉਸ ਫਾਰਮ ਨੂੰ ਜਾਰੀ ਰੱਖਦੇ ਹੋਏ ਉਸ ਨੇ ਭਾਰਤ ਵਿਰੁੱਧ ਲੜੀ ’ਚ 47 ਗੇਂਦਾਂ ਵਿਚ 106 ਦੌੜਾਂ ਦੀ ਪਾਰੀ ਖੇਡੀ।

ਮੁਹੰਮਦ ਨਵਾਜ਼ (ਪਾਕਿਸਤਾਨ)

ਪਾਕਿਸਤਾਨ ਦੇ ਇਸ ਆਲਰਾਊਂਡਰ ਨੇ ਪਿਛਲੇ ਸਾਲ ਏਸ਼ੀਆ ਕੱਪ ’ਚ ਸ਼ਾਨਦਾਰ ਸਪਿਨ ਗੇਂਦਬਾਜ਼ੀ ਕਰਨ ਦੇ ਨਾਲ-ਨਾਲ ਬੱਲੇ ਨਾਲ ਵੀ ਯੋਗਦਾਨ ਦਿੱਤਾ ਹੈ। ਕਪਤਾਨ ਬਾਬਰ ਆਜ਼ਮ ਨੇ ਮੱਧਕ੍ਰਮ ’ਚ ਸਰਪ੍ਰਾਈਜ਼ ਪੈਕੇਜ ਦੇ ਰੂਪ ਵਿਚ ਉਸ ਦਾ ਇਸਤੇਮਾਲ ਕੀਤਾ ਹੈ ਤੇ ਨਵਾਜ਼ ਨੇ ਨਿਰਾਸ਼ ਨਹੀਂ ਕੀਤਾ ਹੈ। ਏਸ਼ੀਆ ਕੱਪ ’ਚ ਭਾਰਤ ਵਿਰੁੱਧ ਉਸ ਨੇ 25 ਗੇਂਦਾਂ ਵਿਚ 42 ਦੌੜਾਂ ਬਣਾਈਆਂ, ਜਦਕਿ ਪਿਛਲੇ ਹਫ਼ਤੇ ਨਿਊਜ਼ੀਲੈਂਡ ਵਿਰੁੱਧ ਤਿਕੋਣੀ ਲੜੀ ਦੇ ਫਾਈਨਲ ’ਚ 22 ਗੇਂਦਾਂ ਵਿਚ 38 ਦੌੜਾਂ ਦੀ ਪਾਰੀ ਖੇਡੀ।

ਟਿਮ ਡੇਵਿਡ (ਆਸਟਰੇਲੀਆ)

ਸਿੰਗਾਪੁਰ ’ਚ ਜਨਮਿਆ ਡੇਵਿਡ ਦੁਨੀਆ ਭਰ ਦੀਆਂ ਲੀਗਜ਼ ’ਚ ਸ਼ਾਨਦਾਰ ਛੱਕੇ ਲਾਉਣ ਦੇ ਆਪਣੇ ਹੁਨਰ ਦੇ ਕਾਰਨ ਆਸਟਰੇਲੀਆਈ ਟੀਮ ’ਚ ਪਹੁੰਚਿਆ ਹੈ। 6 ਫੁੱਟ 5 ਇੰਚ ਲੰਬੇ ਡੇਵਿਡ ਨੇ ਪਹਿਲਾਂ ਕਦੇ ਪਹਿਲੀ ਸ਼੍ਰੇਣੀ ਕ੍ਰਿਕਟ ਨਹੀਂ ਖੇਡੀ। ਉਸ ਨੂੰ ਆਈ. ਪੀ.ਐੱਲ. ਵਿਚ ਮੁੰਬਈ ਇੰਡੀਅਨਜ਼ ਨੇ 8 ਕਰੋੜ ਤੋਂ ਵੱਧ ਰੁਪਿਆਂ ’ਚ ਖਰੀਦਿਆ। ਡੇਵਿਡ ਨੂੰ ਮੈਥਿਊ ਵੇਡ ਦੇ ਨਾਲ ਬਿਹਤਰੀਨ ਫਿਨਿਸ਼ਰ ਦੀ ਭੂਮਿਕਾ ਨਿਭਾਉਣੀ ਪਵੇਗੀ।

ਐਲਕਸ ਹੇਲਸ (ਇੰਗਲੈਂਡ)

11 ਸਾਲ ਪਹਿਲਾਂ ਇੰਗਲੈਂਡ ਲਈ ਟੀ-20 ਕ੍ਰਿਕਟ ’ਚ ਡੈਬਿਊ ਕਰਨ ਵਾਲਾ ਹੇਲਸ ਡੋਪ ਟੈਸਟ ਵਿਚ ਅਸਫਲ ਰਹਿਣ ਕਾਰਨ 2019 ਵਨ ਡੇ ਵਿਸ਼ਵ ਕੱਪ ਨਹੀਂ ਖੇਡ ਸਕਿਆ ਸੀ। ਤਿੰਨ ਸਾਲ ਬਾਅਦ ਟੀਮ ਵਿਚ ਪਰਤਿਆ ਹੇਲਸ ਇਸ ਮੌਕੇ ਨੂੰ ਬਰਬਾਦ ਨਹੀਂ ਹੋਣ ਦੇਵੇਗਾ। ਉਸ ਨੇ ਪਿਛਲੇ ਮਹੀਨੇ ਹੀ 53 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਤੇਵਰ ਜ਼ਾਹਿਰ ਕੀਤੇ ਸਨ।

Add a Comment

Your email address will not be published. Required fields are marked *