ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਕਬੱਡੀ ਕੱਪ ਦੌਰਾਨ ਬੁਲਾਰੇ ਦਾ ਸਨਮਾਨ

ਸਿਡਨੀ/ਕੈਨਬਰਾ :- ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਬੀਤੇ ਦਿਨੀਂ ਹੋਏ ਕਬੱਡੀ ਦੇ ਟੂਰਨਾਮੈਂਟ ਦੌਰਾਨ ਕਬੱਡੀ ਦੇ ਉੱਘੇ ਬੁਲਾਰੇ ਬੱਬੂ ਖੰਨਾ ਦਾ ਖੇਡ ਪ੍ਰਮੋਟਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਰਿੰਕੂ ਸਿੱਧੂ ਨੇ ਦੱਸਿਆ ਕਿ ਕੈਨਬਰਾ ਵਿਖੇ ਕਬੱਡੀ ਕੱਪ ਦੌਰਾਨ ਕੁਮੈਂਟਰੀ ਕਰਨ ਵਿਸ਼ੇਸ਼ ਤੌਰ ‘ਤੇ ਭਾਰਤ ਤੋਂ ਆਏ ਬੱਬੂ ਖੰਨਾ ਦਾ ਗੁਰਪ੍ਰੀਤ ਸੰਗਾਲੀ ਅਤੇ ਰਿੰਕੂ ਸਿੱਧੂ ਵੱਲੋਂ ਸਨਮਾਨ ਕੀਤਾ ਗਿਆ। 

ਗੁਰਪ੍ਰੀਤ ਸੰਗਾਲੀ ਨੇ ਦੱਸਿਆ ਕੇ ਬੱਬੂ ਖੰਨਾ ਮਾਂ ਖੇਡ ਕਬੱਡੀ ਦੀ ਸੇਵਾ ਆਪਣੇ ਬੋਲਾਂ ਰਾਹੀਂ ਬੜੇ ਲੰਮੇ ਸਮੇਂ ਤੋ ਨਿਭਾਅ ਰਹੇ ਹਨ। ਉਹਨਾਂ ਦੇ ਕੁਮੈਂਟਰੀ ਕਰਨ ਦਾ ਅੰਦਾਜ਼ ਕਬੱਡੀ ਪ੍ਰੇਮੀਆਂ ਨੂੰ ਕਬੱਡੀ ਖੇਡ ਨਾਲ ਬੰਨ੍ਹ ਕੇ ਰੱਖਦਾ ਹੈ। ਉਹਨਾਂ ਕਿਹਾ ਕਿ ਕਬੱਡੀ ਪ੍ਰੇਮੀ ਹੋਣ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਜੋ ਵੀ ਕਬੱਡੀ ਨੂੰ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਪਾਉਂਦਾ ਹੈ ਉਸ ਨੂੰ ਸਨਮਾਨਿਤ ਕਰੀਏ ਤਾਂ ਜੋ ਕਬੱਡੀ ਦੇ ਨਾਲ ਜੁੜੇ ਲੋਕਾਂ ਦਾ ਹੌਂਸਲਾ ਵਧੇ ਅਤੇ ਨਵੇਂ ਜੁੜੇ ਲੋਕਾਂ ਵਿੱਚ ਹੋਰ ਵੀ ਉਤਸ਼ਾਹ ਪੈਦਾ ਕੀਤਾ ਜਾ ਸਕੇ। 

ਉੱਧਰ ਬੱਬੂ ਖੰਨਾ ਨੇ ਸਨਮਾਨਿਤ ਹੋਣ ‘ਤੇ ਕਿਹਾ ਕਿ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਆਪਣੀ ਹੱਢਭੰਨਵੀ ਮਿਹਨਤ ਕਰਕੇ ਕੀਤੀ ਕਮਾਈ ਦੇ ਨਾਲ ਵਿਦੇਸ਼ ਦੀ ਧਰਤੀ ‘ਤੇ ਕਬੱਡੀ ਟੂਰਨਾਮੈਂਟ ਕਰਵਾਉਂਦੇ ਹਨ। ਪਰਵਾਸੀ ਵੀਰਾਂ ਦੇ ਕਰਕੇ ਹੀ ਕਬੱਡੀ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਖੇਡੀ ਜਾਂਦੀ ਹੈ। ਇਸ ਮੌਕੇ ਉਹਨਾਂ ਸਾਰੇ ਗਰੁੱਪ ਮੈਂਬਰਾਂ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ।ਇੱਥੇ ਗੌਰਤਲਬ ਹੈ ਕਿ ਗੁਰਪ੍ਰੀਤ ਸੰਗਾਲੀ ਅਤੇ ਰਿੰਕੂ ਸਿੱਧੂ ਵੱਲੋਂ ਪਹਿਲਾਂ ਵੀ ਖੇਡ ਜਗਤ, ਸਮਾਜ ਸੇਵੀ ਅਤੇ ਗਾਇਕਾਂ ਦਾ ਸਨਮਾਨ ਕੀਤਾ ਗਿਆ ਸੀ। ਇਸ ਮੌਕੇ ਗੁਰਪ੍ਰੀਤ ਸੰਗਾਲੀ ਕਬੱਡੀ ਪ੍ਰਮੋਟਰ, ਰਿੰਕੂ ਸਿੱਧੂ ਕਬੱਡੀ ਪ੍ਰਮੋਟਰ, ਵਿੱਕੀ ਕਾਤਰੋਂ, ਬਬਲ ਫੈਜਗੜ, ਅਮਿਤ ਸੰਧੂ, ਲਵਦੀਪ, ਗੈਵੀ ਤੂਰ, ਲਾਡੀ ਅਤੇ ਹਰਮਨ ਆਦਿ ਮੌਜੂਦ ਸਨ।

Add a Comment

Your email address will not be published. Required fields are marked *