ਪਾਕਿਸਤਾਨ ਜਿਮਨੀ ਚੋਣਾਂ ‘ਚ ਇਮਰਾਨ ਖ਼ਾਨ ਦੀ ਪਾਰਟੀ ਨੇ ਜਿੱਤੀਆਂ ਸੱਭ ਤੋਂ ਵੱਧ ਸੀਟਾਂ

ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੀਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ) ਨੇ ਦੇਸ਼ ‘ਚ ਸੰਸਦ ਅਤੇ ਸੂਬਾਈ ਵਿਧਾਨਸਭਾ ਦੀਆਂ 11 ਸੀਟਾਂ ‘ਤੇ ਹੋਈਆਂ ਜਿਮਨੀ ਚੋਣਾਂ ‘ਚ ਸੱਭ ਤੋਂ ਵੱਧ ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। 

ਜਿਮਨੀ ਚੋਣਾਂ ਲਈ ਐਤਵਾਰ ਨੂੰ ਵੋਟਿੰਗ ਹੋਈ ਅਤੇ ਮੁੱਖ ਮੁਕਾਬਲਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ) ਅਤੇ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਵਿਚਾਲੇ ਸੀ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਲਈ ਇਹ ਚੋਣਾਂ ਆਪਣੀ ਲੋਕਪ੍ਰੀਅਤਾ ਪਰਖਣ ਦਾ ਇਕ ਮੌਕਾ ਸੀ।

ਪਾਕਿਸਤਾਨ ਚੋਣ ਕਮਿਸ਼ਨ (ਈ. ਸੀ. ਪੀ.) ਮੁਤਾਬਕ ਨੈਸ਼ਨਲ ਅਸੈਂਬਲੀ ਦੀਆਂ 8 ਅਤੇ ਪੰਜਾਬ ਸੂਬੇ ਦੀਆਂ ਵਿਧਾਨਸਭਾ ਦੀਆਂ 3 ਸੀਟਾਂ ‘ਤੇ ਚੋਣ ਹੋਈ। ਚੋਣ ‘ਚ ਕੁੱਲ੍ਹ 101 ਉਮੀਦਵਾਰ ਮੈਦਾਨ ‘ਚ ਸਨ, ਜਿਨ੍ਹਾਂ ‘ਚੋਂ ਪੰਜਾਬ ‘ਚ 52, ਸਿੰਧ ‘ਚ 33 ਅਤੇ ਖੈਬਰ ਪਖਤੂਨਖ਼ਵਾ ‘ਚ 16 ਉਮੀਦਵਾਰ ਸਨ।

ਖ਼ਾਨ ਨੇ ਆਪ ਸੰਸਦ ਦੀਆਂ 7 ਸੀਟਾਂ ‘ਤੇ ਚੋਣ ਲੜੀ, ਜਿਸ ‘ਚੋਂ 6 ‘ਤੇ ਉਨ੍ਹਾਂ ਨੂੰ ਜਿੱਤ ਮਿਲੀ। ਕਰਾਚੀ ਸੀਟ ‘ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਉਮੀਦਵਾਰ ਨੇ ਉਨ੍ਹਾਂ ਨੂੰ ਸ਼ਿਕਸਤ ਦਿੱਤੀ। ਉਨ੍ਹਾਂ ਦੀ ਪਾਰਟੀ ਨੂੰ ਮੁਲਤਾਨ ‘ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿੱਥੇ ਪੀ. ਟੀ. ਆਈ. ਨੇ ਮੇਹਰ ਬਾਨੋ ਕੁਰੈਸ਼ੀ ਦਾ ਸਮਰਥਨ ਕੀਤਾ ਸੀ। ਮੇਹਰ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਦੀ ਧੀ ਹੈ।

ਸੰਸਦ ਦੀਆਂ 6 ਸੀਟਾਂ ਤੋਂ ਇਲਾਵਾ ਪੀ. ਟੀ. ਆਈ. ਨੇ ਪੰਜਾਬ ਵਿਧਾਨਸਭਾ ਦੀਆਂ 2 ਸੀਟਾਂ ‘ਤੇ ਵੀ ਜਿੱਤ ਦਰਜ ਕੀਤੀ। ਇਸ ਨਾਲ ਪੰਜਾਬ ਦੇ ਉਨ੍ਹਾਂ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਦੀ ਸਥਿਤੀ ਹੋਰ ਮਜਬੂਤ ਹੋ ਗਈ ਹੈ। 

ਪੀ. ਟੀ. ਆਈ. ਦੇ ਜਨਰਲ ਸਕੱਤਰ ਅਸਦ ਉਮਰ ਨੇ ਕਿਹਾ ਕਿ ਚੋਣਾਂ ਦੇ ਨਤੀਜੇ ਨੀਤੀਆਂ ਬਣਾਉਣ ਵਾਲਿਆਂ ਲਈ ਆਪਣੀ ਗਲਤੀ ਦਾ ਅਹਿਸਾਸ ਕਰਨ ਅਤੇ ਪਾਕਿਸਤਾਨ ‘ਚ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦਾ ਮੌਕਾ ਹੈ। ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ ਸਿਰਫ਼ ਇਕ ਸੀਟ ‘ਤੇ ਹੀ ਜਿੱਤ ਦਰਜ ਕੀਤੀ।

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੀਤ ਪੀ. ਐੱਮ. ਐੱਲ.-ਐੱਨ.ਨੂੰ ਵੱਧਦੀ ਮਹਿੰਗਾਈ ‘ਤੇ ਕਾਬੂ ਨਾ ਕਰ ਸਕਣ ਦਾ ਖਾਮਿਆਜ਼ਾ ਭੁਗਤਣਾ ਪਿਆ। ਹਾਲਾਂਕਿ ਪੀ. ਟੀ. ਆਈ. 11 ‘ਚੋਂ ਉਨ੍ਹਾਂ 3 ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਸਰਕਾਰ ਡਿਗਣ ਤੋਂ ਬਾਅਦ ਉਨ੍ਹਾਂ ਦੇ ਸੰਸਦ ਮੈਂਬਰਾਂ ਦੇ ਅਸਤੀਫ਼ੇ ਕਾਰਨ ਖ਼ਾਲੀ ਹੋਈਆਂ ਸਨ।

Add a Comment

Your email address will not be published. Required fields are marked *