ਬੰਬੀਹਾ ਗਰੁੱਪ ਦੇ ਤਿੰਨ ਸ਼ੂਟਰ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ), 16 ਅਕਤੂਬਰ– ਮੁਹਾਲੀ ਪੁਲੀਸ ਨੇ ਬੰਬੀਹਾ ਗਰੁੱਪ ਦੇ ਤਿੰਨ ਸਰਗਰਮ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਘੜੂੰਆਂ ਪੁਲੀਸ ਦੇ ਸਹਿਯੋਗ ਨਾਲ ਬੰਬੀਹਾ ਗਰੁੱਪ ਦੇ ਸ਼ੂਟਰਾਂ ਗੁਰਜੰਟ ਸਿੰਘ ਜੰਟਾ, ਗੁਰਵਿੰਦਰ ਸਿੰਘ ਉਰਫ਼ ਗੁਰੀ ਅਤੇ ਗੌਤਮ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।

ਐੱਸਐੱਸਪੀ ਸੋਨੀ ਨੇ ਦੱਸਿਆ ਕਿ ਗੁਰਜੰਟ ਸਿੰਘ ਉਰਫ਼ ਜੰਟਾ ਨੇ ਇਸੇ ਸਾਲ 30 ਜਨਵਰੀ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਸਪੇਨ ਵਿੱਚ ਬੈਠੇ ਬੰਬੀਹਾ ਗਰੁੱਪ ਦੇ ਸਰਗਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਕਹਿਣ ’ਤੇ ਘੜੂੰਆਂ ਯੂਨੀਵਰਸਿਟੀ ਦੇ ਸਾਹਮਣਿਓਂ ਇੱਕ ਕਾਰ ਖੋਹੀ ਸੀ। ਕਰੀਬ ਸੱਤ ਮਹੀਨੇ ਬਾਅਦ 28 ਜੁਲਾਈ ਨੂੰ ਗੁਰਜੰਟ ਜੰਟਾ ਦੇ ਸਾਥੀ ਉਸੇ ਕਾਰ ਅਤੇ ਸੱਤ ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤੇ ਗਏ ਸਨ ਜਦੋਂਕਿ ਗੁਰਜੰਟ ਜੰਟਾ ਭਗੌੜਾ ਚੱਲ ਰਿਹਾ ਸੀ। ਪੁਲੀਸ ਅਨੁਸਾਰ ਗੁਰਜੰਟ ਜੰਟਾ ਨੇ 29 ਅਗਸਤ ਨੂੰ ਆਪਣੇ ਇੱਕ ਹੋਰ ਸਾਥੀ ਪਰਗਟ ਸਿੰਘ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਭੁਪਿੰਦਰ ਸਿੰਘ ਭੂਪੀ ਰਾਣਾ ਦੇ ਕਹਿਣ ’ਤੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਅਦਾਲਤ ਕੰਪਲੈਕਸ ਵਿੱਚ ਬੰਬੀਹਾ ਗਰੁੱਪ ਨਾਲ ਸਬੰਧਤ ਵਿੱਕੀ ਮਿੱਡੂਖੇੜਾ ਦੇ ਕਥਿਤ ਕਾਤਲਾਂ ਨੂੰ ਛੁਡਵਾਉਣ ਲਈ ਫਾਇਰਿੰਗ ਕੀਤੀ ਸੀ।

ਐੱਸਐੱਸਪੀ ਨੇ ਦੱਸਿਆ ਕਿ ਗੁਰਜੰਟ ਜੰਟਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ ’ਤੇ 30 ਬੋਰ ਦੇ ਤਿੰਨ ਅਤੇ 32 ਬੋਰ ਦੇ ਦੋ ਪਿਸਤੌਲ ਅਤੇ ਕੁੱਝ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਕੁਰਾਲੀ ਥਾਣੇ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ਼ ਗੁਰੀ ਵਾਸੀ ਬਹਿਡਾਲੀ (ਜ਼ਿਲ੍ਹਾ ਰੂਪਨਗਰ) ਅਤੇ ਗੌਤਮ ਕੁਮਾਰ ਵਾਸੀ ਨੇੜੇ ਸਬਜ਼ੀ ਮੰਡੀ ਕੁਰਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਮੁਤਾਬਕ ਗੁਰਵਿੰਦਰ ਗੁਰੀ ਅਤੇ ਗੌਤਮ ਦੋਵੇਂ ਗੁਰਜੰਟ ਜੰਟਾ ਦੇ ਸਾਥੀ ਹਨ ਅਤੇ ਇਹ ਸਾਰੇ ਬੰਬੀਹਾ ਗਰੁੱਪ ਲਈ ਕੰਮ ਕਰਦੇ ਹਨ।

Add a Comment

Your email address will not be published. Required fields are marked *