ਨਾਗਪੁਰ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀ ਚੋਣਾਂ ’ਚ ਕਾਂਗਰਸ ਜੇਤੂ; ਭਾਜਪਾ ਫਾਡੀ

ਨਾਗਪੁਰ:ਕਾਂਗਰਸ ਨੇ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਪੰਚਾਇਤ ਸਮਿਤੀ ਚੇਅਰਪਰਸਨ ਅਤੇ ਡਿਪਟੀ ਚੇਅਰਪਰਸਨ ਦੇ ਅਹੁਦਿਆਂ ਲਈ ਚੋਣਾਂ ਵਿੱਚ ਜਿੱਤ ਹਾਸਲ ਕਰਦਿਆਂ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਭਾਜਪਾ ਚੇਅਰਪਰਸਨ ਦੇ ਅਹੁਦੇ ਲਈ ਇੱਕ ਵੀ ਸੀਟ ਨਹੀਂ ਜਿੱਤ ਸਕੀ ਅਤੇ ਉਸ ਨੂੰ ਸਿਰਫ ਡਿਪਟੀ ਚੇਅਰਪਰਸਨ ਲਈ ਤਿੰਨ ਸੀਟਾਂ ’ਤੇ ਜਿੱਤ ਮਿਲੀ। ਉਕਤ ਅਹੁਦਿਆਂ ਲਈ ਵੋਟਾਂ ਸ਼ਨਿਚਰਵਾਰ ਨੂੰ ਪਈਆਂ ਅਤੇ ਉਸੇ ਦਿਨ ਹੀ ਨਤੀਜਿਆਂ ਦਾ ਐਲਾਨ ਵੀ ਕੀਤਾ ਗਿਆ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਕਾਂਗਰਸ ਨੇ ਜ਼ਿਲ੍ਹੇ ਵਿੱਚ ਚੇਅਰਪਰਸਨ ਲਈ 13 ਸੀਟਾਂ ਵਿੱਚੋਂ 9 ਜਦਕਿ ਡਿਪਟੀ ਚੇਅਰਪਰਸਨ ਲਈ 13 ਵਿੱਚੋਂ 8 ਸੀਟਾਂ ’ਤੇ ਜਿੱਤ ਹਾਸਲ ਕੀਤੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਚੇਅਰਪਰਸਨ ਅਹੁਦੇ ਲਈ ਤਿੰਨ ਸੀਟਾਂ ਜਿੱਤੀਆਂ ਜਦਕਿ ਸ਼ਿਵ ਸੈਨਾ ਨੂੰ ਇਕ ਸੀਟ ’ਤੇ ਜਿੱਤ ਮਿਲੀ। ਸੂਤਰਾਂ ਮੁਤਾਬਕ ਰਾਮਟੇਕ ਪੰਚਾਇਤ ਸਮਿਤੀ ਲਈ ਚੇਅਰਪਰਸਨ ਦੀ ਸੀਟ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ‘ਬਾਲਸਾਹਿਬਾਂਚੀ ਸ਼ਿਵ ਸੈਨਾ’ ਨੇ ਜਿੱਤੀ ਹੈ। 

ਇਸੇ ਦੌਰਾਨ ਸਾਬਕਾ ਮੰਤਰੀ ਅਤੇ ਕਾਂਗਰਸ ਦਿਹਾਤੀ ਯੂਨਿਟ ਮੁਖੀ ਰਾਜੇਂਦਰ ਮੂਲਕ ਨੇ ਕਿਹਾ , ‘‘ਪੰਚਾਇਤ ਸਮਿਤੀ ਨਤੀਜਿਆਂ ਮਗਰੋਂ ਭਾਜਪਾ ਕੇਡਰ ਦਾ ਮਨੋਬਲ ਡਿੱਗਾ ਹੈ ਕਿਉਂਕਿ ਪਾਰਟੀ ਨੂੰ ਆਰਐੱਸਐੱਸ ਅਤੇ ਸੀਨੀਅਰ ਭਾਜਪਾ ਨੇਤਾ ਨਿਤਿਨ ਗਡਕਰੀ, ਦੇਵੇਂਦਰ ਫੜਨਵੀਸ ਅਤੇ ਚੰਦਰਸ਼ੇਖਰ ਬਾਵੰਕੁਲੇ ਦੇ ਘਰੇਲੂ ਮੈਦਾਨਾਂ ’ਤੇ ਹਾਰ ਮਿਲੀ ਹੈ।’’ ਕਾਂਗਰਸ ਨੇਤਾ ਕਿਹਾ, ‘‘ਭਾਵੇਂ ਕਿ ਹਾਰ ਅਤੇ ਜਿੱਤ ਚੱਲਦੀ ਰਹਿੰਦੀ ਪਰ ਜਿਸ ਤਰ੍ਹਾਂ ਉਹ ਹਾਰੇ ਹਨ ਇਸ ਤੋਂ ਲੱਗਦਾ ਹੈ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਪਕੜ ਨਹੀਂ ਹੈ।’’ ਇਸੇ ਦੌਰਾਨ ਅੱਜ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਚੋਣ ਲਈ ਵੀ ਵੋਟਾਂ ਪਈਆਂ ਜਿਨ੍ਹਾਂ ਦੇ ਨਤੀਜੇ ਸੋਮਵਾਰ ਨੂੰ ਐਲਾਨੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਅਤੇ ਉਪ ਪ੍ਰਧਾਨ ਦੇ ਅਹੁਦੇ ਲਈ ਵੋਟਾਂ ਭਲਕੇ ਸੋਮਵਾਰ 17 ਅਕਤੂਬਰ ਨੂੰ ਪੈਣਗੀਆਂ। 

Add a Comment

Your email address will not be published. Required fields are marked *