ਪ੍ਰਧਾਨ ਚੋਣ: ਕੌਣ ਹੋਵੇਗਾ ਕਾਂਗਰਸ ਦਾ ‘ਕਿੰਗ’ ਖੜਗੇ ਜਾਂ ਥਰੂਰ? ਵੋਟਿੰਗ ਸ਼ੁਰੂ

ਨਵੀਂ ਦਿੱਲੀ- ਕਾਂਗਰਸ ’ਚ ਅੱਜ ਦਾ ਦਿਨ ਬੇਹੱਦ ਖ਼ਾਸ ਹੈ। ਕਾਂਗਰਸ ਪ੍ਰਧਾਨ ਅਹੁਦੇ ਲਈ ਅੱਜ ਵੋਟਾਂ ਪੈ ਰਹੀਆਂ ਹਨ। ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਸਿੱਧਾ ਮੁਕਾਬਲਾ ਹੈ। ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਕਿ ਸ਼ਾਮ 4 ਵਜੇ ਤੱਕ ਹੋਵੇਗੀ। ਦੱਸ ਦੇਈਏ ਕਿ ਵੋਟਾਂ ਦੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ। ਇਸ ਚੋਣਾਂ ਮਗਰੋਂ ਪਾਰਟੀ ਨੂੰ 24 ਤੋਂ ਵੱਧ ਸਾਲਾਂ ’ਚ ਗੈਰ-ਗਾਂਧੀ ਪ੍ਰਧਾਨ ਮਿਲਣਾ ਤੈਅ ਹੈ। ਲੱਗਭਗ 9 ਹਜ਼ਾਰ ਤੋਂ ਵੱਧ ਪ੍ਰਦੇਸ਼ ਕਾਂਗਰਸ ਕਮੇਟੀ (ਪੀ. ਸੀ. ਸੀ.) ਦੇ ਪ੍ਰਤੀਨਿਧੀ ਪਾਰਟੀ ਮੁਖੀ ਨੂੰ ਚੁਣਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। 

37 ਸਾਲ ਦੇ ਇਤਿਹਾਸ ’ਚ 6ਵੀਂ ਵਾਰ ਚੁਣਾਵੀ ਮੁਕਾਬਲਾ

ਕਾਂਗਰਸ ਪਾਰਟੀ ਦੇ 137 ਸਾਲ ਦੇ ਇਤਿਹਾਸ ’ਚ 6ਵੀਂ ਵਾਰ ਚੁਣਾਵੀ ਮੁਕਾਬਲਾ ਇੱਥੇ ਅਖਿਲ ਭਾਰਤੀ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਅਤੇ ਦੇਸ਼ ਭਰ ਦੇ 65 ਤੋਂ ਵੱਧ ਵੋਟਿੰਗ ਕੇਂਦਰਾਂ ’ਤੇ ਵੋਟਿੰਗ ਹੋਵੇਗੀ। ਪਾਰਟੀ ਮੁਖੀ ਸੋਨੀਆ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਏ. ਆਈ. ਸੀ. ਸੀ. ਹੈੱਡਕੁਆਰਟਰ ਵੋਟ ਪਾਉਣ ਦੀ ਉਮੀਦ ਹੈ। ਉੱਥੇ ਹੀ ਰਾਹੁਲ ਗਾਂਧੀ ਕਰਨਾਟਕ ਦੇ ਸੰਗਨਾਕੱਲੂ ਬੇਲਾਰੀ ’ਚ ‘ਭਾਰਤ ਜੋੜੋ ਯਾਤਰਾ’ ਕੈਂਪ ’ਚ ਲੱਗਭਗ 40 ਹੋਰ ‘ਭਾਰਤੀ ਯਾਤਰੀਆਂ’ ਨਾਲ ਵੋਟ ਪਾਉਣਗੇ। ਥਰੂਰ ਆਪਣੀ ਵੋਟ ਕੇਰਲ ਕਾਂਗਰਸ ਹੈੱਡਕੁਆਰਟਰ ਤਿਰੂਵਨੰਪੁਰਮ ’ਚ ਪਾਉਣਗੇ, ਜਦਕਿ ਖੜਗੇ ਬੇਂਗਲੁਰੂ ’ਚ ਕਰਨਾਟਕ ਕਾਂਗਰਸ ਦਫ਼ਤਰ ’ਚ ਵੋਟ ਪਾਉਣਗੇ। 

ਟਿੱਕ ਲਾ ਕੇ ਪਾਉਣੀ ਹੈ ਵੋਟ

ਕਾਂਗਰਸ ਦੇ ਕੇਂਦਰੀ ਚੋਣ ਅਧਿਕਾਰੀ ਮਧੂਸੂਦਨ ਮਿਸਤਰੀ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਚੋਣ ਗੁਪਤ ਵੋਟਿੰਗ ਰਾਹੀਂ ਕਰਵਾਈ ਜਾਵੇਗੀ। ਬੈਲੇਟ ਪੇਪਰ ’ਤੇ ਸਿਰਫ ਦੋ ਉਮੀਦਵਾਰਾਂ ਦੇ ਨਾਂ ਹਨ। ਵੋਟਰਾਂ ਨੂੰ ਆਪਣੀ ਪਸੰਦ ਦੇ ਇਕ ਉਮੀਦਵਾਰ ਦੇ ਨਾਂ ਦੇ ਸਾਹਮਣੇ ਬਕਸੇ ’ਚ ਟਿੱਕ ਕਰਨਾ ਹੈ। ਕਿਸੇ ਹੋਰ ਕਿਸਮ ਦਾ ਨਿਸ਼ਾਨ ਲਾਉਣ ਜਾ ਕੁਝ ਹੋਰ ਲਿਖਣ ਨਾਲ ਵੋਟ ਰੱਦ ਹੋ ਜਾਵੇਗੀ। 

Add a Comment

Your email address will not be published. Required fields are marked *