ਹਿਮਾਚਲ ਦੇ CM ਨੇ ਕੰਗਨਾ ਰਣੌਤ ਦੇ ਘਰ ਕੀਤੀ ਸ਼ਿਰਕਤ, ਹੁਣ ਸਿਆਸੀ ਚਰਚਾ ਜ਼ੋਰਾਂ ‘ਤੇ

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਇਸ ਵਾਰ ਉਸ ਦੇ ਚਰਚਾ ‘ਚ ਆਉਣ ਦਾ ਕਾਰਨ ਨਾ ਤਾਂ ਉਸ ਦੀ ਕੋਈ ਫ਼ਿਲਮ ਹੈ ਤੇ ਨਾ ਹੀ ਉਸ ਦਾ ਬਿਆਨ, ਸਗੋਂ ਉਸ ਦੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਹੈ, ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਲੋਕਾਂ ‘ਚ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ।

ਦਰਅਸਲ, ਕੰਗਨਾ ਰਣੌਤ ਇਨ੍ਹੀਂ ਦਿਨੀਂ ਸ਼ਾਂਤੀ ਦੇ ਪਲ ਬਿਤਾਉਣ ਲਈ ਮਨਾਲੀ ਸਥਿਤ ਆਪਣੇ ਘਰ ਪਹੁੰਚੀ ਹੈ। ਉਸ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਮੁੱਖ ਮੰਤਰੀ ਨਾਲ ਸਿੱਖਿਆ ਮੰਤਰੀ ਗੋਵਿੰਦ ਠਾਕੁਰ ਵੀ ਨਜ਼ਰ ਆ ਰਹੇ ਹਨ। ਇਸ ਮੁਲਾਕਾਤ ਦੌਰਾਨ ਕੀ ਹੋਇਆ, ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਪਰ ਅਦਾਕਾਰਾ ਨੇ ਮੁੱਖ ਮੰਤਰੀ ਦਾ ਆਪਣੇ ਘਰ ਕਿਸ ਤਰ੍ਹਾਂ ਸਵਾਗਤ ਕੀਤਾ ਹੈ। ਇਸ ਦਾ ਅੰਦਾਜ਼ਾ ਇਨ੍ਹਾਂ ਤਸਵੀਰਾਂ ਤੋਂ ਜ਼ਰੂਰ ਲਗਾਇਆ ਜਾ ਸਕਦਾ ਹੈ।

ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਕੰਗਨਾ ਨੇ ਕੀਤਾ ਨਿੱਘਾ ਸਵਾਗਤ 
ਦੱਸ ਦੇਈਏ ਕਿ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੰਗਨਾ ਰਣੌਤ ਨਾਲ ਸਿਮਸਾ ਮਨਾਲੀ ਸਥਿਤ ਉਸ ਦੇ ਘਰ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਕੱਠੇ ਹਿਮਾਚਲੀ ਨਾਸ਼ਤਾ ਵੀ ਕੀਤਾ। ਨਾਸ਼ਤੇ ‘ਚ ਹਿਮਾਚਲ ਦੇ ਮਸ਼ਹੂਰ ਭੱਲੇ ਅਤੇ ਬਾਬੂਰੂ ਸ਼ਾਮਲ ਸਨ, ਜਿਸ ਨੂੰ ਕੰਗਨਾ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਸੀ। ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਕੰਗਨਾ ਨੇ ਕੈਪਸ਼ਨ ‘ਚ ਲਿਖਿਆ, ”ਅੱਜ ਮੈਂ ਆਪਣੇ ਘਰ ‘ਚ ਮਾਣਯੋਗ ਮੁੱਖ ਮੰਤਰੀ ਜੈਰਾਮ ਜੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਦੀ ਸਾਦਗੀ ਅਤੇ ਹਿਮਾਚਲ ਲਈ ਪਿਆਰ ਦੋਵੇਂ ਪ੍ਰੇਰਨਾਦਾਇਕ ਹਨ। ਮੰਤਰੀ ਗੋਬਿੰਦ ਸਿੰਘ ਜੀ ਮੇਰੇ ਗੁਆਂਢੀ ਹਨ, ਫਿਰ ਵੀ ਇੰਨੇ ਸਾਲਾਂ ‘ਚ ਅੱਜ ਮੈਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ ਪ੍ਰਾਪਤ ਹੋਇਆ।”

ਇਨ੍ਹਾਂ ਫ਼ਿਲਮਾਂ ‘ਚ ਰੁੱਝੀ ਕੰਗਨਾ ਰਣੌਤ
ਦੱਸ ਦਈਏ ਕਿ ਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੀ ਅਗਲੀ ਨਿਰਦੇਸ਼ਕ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਫ਼ਿਲਮ ‘ਚ ਉਹ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ਫ਼ਿਲਮ ‘ਤੇਜਸ’ ‘ਚ ਫਾਈਟਰ ਪਾਇਲਟ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਇਹ ਫ਼ਿਲਮ 2023 ਦੇ ਅੱਧ ‘ਚ ਰਿਲੀਜ਼ ਹੋ ਸਕਦੀ ਹੈ।

Add a Comment

Your email address will not be published. Required fields are marked *