ਮੂਸੇਵਾਲਾ ਦੇ ਕਤਲ ਲਈ ਲੁਧਿਆਣਾ ਤੋਂ ਸਪਲਾਈ ਹੋਏ ਸਨ ਹਥਿਆਰ

ਲੁਧਿਆਣਾ, 12 ਅਕਤੂਬਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਕਤਲ ਕਾਂਡ ਦੇ ਮੁੱਖ ਸਾਜਿਸ਼ਘਾੜੇ ਗੈਂਗਸਟਰ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹਿਣ ’ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਲੁਧਿਆਣਾ ਤੋਂ ਸਪਲਾਈ ਕਰਵਾਏ ਸਨ। ਗੈਂਗਸਟਰ ਜੱਗੂ ਨੇ ਲੁਧਿਆਣਾ ਪੁਲੀਸ ਕੋਲ ਪੁੱਛ-ਪੜਤਾਲ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਨੇ ਇਹ ਹਥਿਆਰ ਆਪਣੇ ਨਜ਼ਦੀਕੀ ਸਾਥੀ ਸੰਦੀਪ ਕਾਹਲੋਂ ਤੇ ਬਲਦੇਵ ਚੌਧਰੀ ਰਾਹੀਂ ਸਪਲਾਈ ਕਰਵਾਏ ਸਨ। ਗੈਂਗਸਟਰ ਮਨੀ ਰਈਆ ਅਤੇ ਸੰਦੀਪ ਤੂਫ਼ਾਨ ਨੂੰ ਵੀ ਬਠਿੰਡਾ ਪਹੁੰਚਾਉਣ ਵਿੱਚ ਮਦਦ ਕੀਤੀ ਸੀ। ਜੱਗੂ ਭਗਵਾਨਪੁਰੀਆ ਤੋਂ ਕਮਿਸ਼ਨਰੇਟ ਪੁਲੀਸ ਦੇ ਨਾਲ ਏਜੀਟੀਐੱਫ ਦੇ ਅਧਿਕਾਰੀ ਵੀ ਪੁੱਛ-ਪੜਤਾਲ ਕਰ ਰਹੇ ਹਨ। ਉਸ ਨੇ ਮੰਨਿਆ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਲੁਧਿਆਣਾ ਤੋਂ ਸਪਲਾਈ ਕੀਤੇ ਗਏ ਸਨ। ਸੂਤਰਾਂ ਦਾ ਦੱਸਣਾ ਹੈ ਕਿ ਪੁਲੀਸ ਹੁਣ ਮੁੜ ਪੁੱਛ-ਪੜਤਾਲ ਲਈ ਬਲਦੇਵ ਚੌਧਰੀ, ਸੰਦੀਪ ਕਾਹਲੋਂ ਤੇ ਹੋਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਵਿੱਚ ਹੈ।ਕਮਿਸ਼ਨਰੇਟ ਪੁਲੀਸ ਨੇ ਹਥਿਆਰ ਸਪਲਾਈ ਮਾਮਲੇ ਵਿੱਚ ਦੋ ਦਿਨ ਪਹਿਲਾਂ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ। ਉਸ ਤੋਂ ਖਰੜ ਸਥਿਤ ਏਜੀਟੀਐੱਫ ਸੈਂਟਰ ਵਿੱਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।  

ਗੈਂਗਸਟਰ ਲਾਰੈਂਸ ਬਿਸ਼ਨੋਈ ਅਦਾਲਤ ’ਚ ਮੁੜ ਪੇਸ਼

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਾਜਿਸ਼ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਖਰੜ ਏਜੀਟੀਐੱਫ ਸੈਂਟਰ ਤੋਂ ਲੁਧਿਆਣਾ ਅਦਾਲਤ ਵਿੱਚ ਪੇਸ਼ ਕਰਨ ਲਈ ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ। ਜਲੰਧਰ ਤੇ ਮੋਗਾ ਦੀ ਪੁਲੀਸ ਵੀ ਅੱਜ ਉਸ ਦਾ ਰਿਮਾਂਡ ਲੈਣ ਲਈ ਅਦਾਲਤ ਵਿੱਚ ਮੌਜੂਦ ਸੀ। ਅਦਾਲਤ ਨੇ ਲਾਰੈਂਸ ਨੂੰ ਮੋਗਾ ਪੁਲੀਸ ਕੋਲ ਰਿਮਾਂਡ ’ਤੇ ਭੇਜ ਦਿੱਤਾ।

Add a Comment

Your email address will not be published. Required fields are marked *