ਅਕੈਡਮੀ ਵੱਲੋਂ ‘ਲਾਲ ਸਿੰਘ ਚੱਢਾ’ ਦੀ ਸ਼ਲਾਘਾ

ਕੈਲੀਫੋਰਨੀਆ/ਮੁੰਬਈ:ਦਿ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ (ਏਐੱਮਪੀਏਐੱਸ) ਨੇ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਹੌਲੀਵੁੱਡ ਫ਼ਿਲਮ ‘ਫਾਰੈਸਟ ਗੰਪ’ ਦਾ ਸਹੀ ਭਾਰਤੀ ਰੂਪਾਂਤਰਣ ਦੱਸਿਆ ਹੈ। ‘ਸੀਕਰੇਟ ਸੁਪਰਸਟਾਰ’ ਲਈ ਮਸ਼ਹੂਰ ਅਦਵੈਤ ਚੰਦਨ ਦੇ ਨਿਰਦੇਸ਼ਨ ਹੇਠ ਬਣੀ ਅਤੇ ਅਦਾਕਾਰ ਅਤੁਲ ਕੁਲਕਰਨੀ ਵੱਲੋਂ ਲਿਖੀ ਗਈ ਫ਼ਿਲਮ ‘ਲਾਲ ਸਿੰਘ ਚੱਢਾ’ ਸਾਲ 1994 ਵਿੱਚ ਆਈ ਟੌਮ ਹਾਂਕਸ ਦੀ ਫ਼ਿਲਮ ‘ਫਾਰੈਸਟ ਗੰਪ’ ਦਾ ਹਿੰਦੀ ਰੀਮੇਕ ਹੈ। ਇਸ ਫ਼ਿਲਮ ਨਾਲ ਸੁਪਰਸਟਾਰ ਆਮਿਰ ਖਾਨ ਸੁਰਖੀਆਂ ਵਿੱਚ ਹੈ। ਅਕੈਡਮੀ ਨੇ ਸ਼ਨਿਚਰਵਾਰ ਨੂੰ ਆਪਣੇ ਟਵਿੱਟਰ ਪੇਜ ’ਤੇ ਦੋਵਾਂ ਫ਼ਿਲਮਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਅਕੈਡਮੀ ਨੇ ਆਖਿਆ, ‘‘ਰੌਬਰਟ ਜ਼ੈਮੈਕਸ ਅਤੇ ਐਰਿਕ ਰੌਥ ਨੇ ‘ਫਾਰੈਸਟ ਗੰਪ’ ਵਿੱਚ ਇਕ ਅਜਿਹੇ ਵਿਅਕਤੀ ਦੀ ਕਹਾਣੀ ਲਿਖੀ ਹੈ ਜੋ ਆਪਣੀ ਦਿਆਲਤਾ ਨਾਲ ਸੰਸਾਰ ਨੂੰ ਬਦਲਦਾ ਹੈ। ਦੂਜੇ ਪਾਸੇ ਅਦਵੈਤ ਚੰਦਨ ਅਤੇ ਅਤੁਲ ਕੁਲਕਰਨੀ ਨੇ ‘ਲਾਲ ਸਿੰਘ ਚੱਢਾ’ ਨੂੰ ਇਸੇ ਰੂਪ ਵਿੱਚ ਢਾਲਿਆ ਹੈ। ਆਮਿਰ ਖਾਨ ਨੇ ਟੌਮ ਹਾਂਕਸ ਵੱਲੋਂ ਨਿਭਾਈ ਭੂਮਿਕਾ ਨੂੰ ਹੋਰ ਪ੍ਰਸਿੱਧ ਕਰ ਦਿੱਤਾ ਹੈ।’’ ਫਿਲਮ ‘ਲਾਲ ਸਿੰਘ ਚੱਢਾ’ ਬਣਾਉਣ ਵਾਲੇ ਆਮਿਰ ਖਾਨ ਦੇ ਇੱਕ ਪ੍ਰੋਡਕਸ਼ਨਜ਼ ਨੇ ਟਵੀਟ ਕਰਦਿਆਂ ਕਿਹਾ, ‘‘ਅਸੀਂ ਬੇਹੱਦ ਸ਼ੁਕਰਗੁਜ਼ਾਰ ਹਾਂ! ਤੁਹਾਡਾ ਬਹੁਤ-ਬਹੁਤ ਧੰਨਵਾਦ।’’ 

Add a Comment

Your email address will not be published. Required fields are marked *