ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸੰਧੂ ਨੂੰ ਅਦਾਲਤ ਤੋਂ ਝਟਕਾ

ਲੁਧਿਆਣਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੀ ਅਗਾਊਂ ਜ਼ਮਾਨਤ ਪਟੀਸ਼ਨ ਵਧੀਕ ਸੈਸ਼ਨ ਜੱਜ ਡਾ: ਅਜੀਤ ਅੱਤਰੀ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਸੰਦੀਪ ਸੰਧੂ ਨੂੰ ਵਿਜੀਲੈਂਸ ਬਿਊਰੋ ਨੇ ਮੁੱਲਾਂਪੁਰ ਸਟ੍ਰੀਟ ਲਾਈਟ ਘਪਲੇ ’ਚ ਨਾਮਜ਼ਦ ਕੀਤਾ ਹੈ। ਸਟ੍ਰੀਟ ਲਾਈਟ ਘਪਲਾ ਸਾਹਮਣੇ ਆਉਣ ਤੋਂ ਬਾਅਦ ਹੀ ਕਿਆਸੇ ਲਾਏ ਜਾ ਰਹੇ ਸਨ ਕਿ ਕੈਪਟਨ ਸੰਦੀਪ ਸੰਧੂ ਨੂੰ ਵੀ ਵਿਜੀਲੈਂਸ ਇਸ ਮਾਮਲੇ ’ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਸਕਦੀ ਹੈ।

ਇਸ ਤੋਂ ਪਹਿਲਾਂ ਵਿਜੀਲੈਂਸ ਟੀਮ ਇਸ ਮਾਮਲੇ ਵਿੱਚ ਬੀ.ਡੀ.ਪੀ.ਓ. ਸਤਵਿੰਦਰ ਸਿੰਘ ਕੰਗ ਅਤੇ ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਚੁੱਕਾ ਹੈ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਕੈਪਟਨ ਸੰਦੀਪ ਸੰਧੂ ਦੇ ਸਾਲ਼ੇ ਹਰਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੋਇਆ ਹੈ। ਕੈਪਟਨ ਸੰਦੀਪ ਸੰਧੂ ਨੇ ਵਿਜੀਲੈਂਸ ਵੱਲੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਧਿਆਣਾ ਦੀ ਸੈਸ਼ਨ ਅਦਾਲਤ ਵਿੱਚ ਪੇਸ਼ਗੀ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਉਸ ਨੇ ਆਪਣੇ-ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਵਿਜੀਲੈਂਸ ਵਿਭਾਗ ਵੱਲੋਂ ਉਸ ਨੂੰ ਸਿਆਸੀ ਕਾਰਨਾਂ ਕਰਕੇ ਬਿਨਾਂ ਵਜ੍ਹਾ ਫਸਾਇਆ ਜਾ ਰਿਹਾ ਹੈ।

ਦੂਜੇ ਪਾਸੇ ਸਰਕਾਰੀ ਵਕੀਲ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸੰਦੀਪ ਸੰਧੂ ਦੀ ਗ੍ਰਿਫ਼ਤਾਰੀ ਲਾਜ਼ਮੀ ਹੈ ਅਤੇ ਪੁਲਸ ਹਿਰਾਸਤ ਵਿੱਚ ਉਸ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸੰਦੀਪ ਸੰਧੂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰਨ ਦਾ ਫੈਸਲਾ ਸੁਣਾਇਆ। ਨਾਮਜ਼ਦ ਕੀਤੇ ਜਾਣ ਤੋਂ ਬਾਅਦ ਵਿਜੀਲੈਂਸ ਟੀਮ ਵੱਲੋਂ ਸੰਧੂ ਦੀ ਗ੍ਰਿਫ਼ਤਾਰੀ ਲਈ ਉਸ ਦੇ ਹੋਰ ਸਾਰੇ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਲੁਧਿਆਣਾ ਵਿਜੀਲੈਂਸ ਵਿਭਾਗ ਦੀ ਟੀਮ ਨੇ ਸ਼ਨੀਵਾਰ ਨੂੰ ਫੇਜ਼-10 ਸਥਿਤ ਘਰ ‘ਤੇ ਵੀ ਛਾਪਾ ਮਾਰਿਆ ਸੀ ਪਰ ਸੰਧੂ ਘਰ ਨਹੀਂ ਮਿਲਿਆ। ਇਸ ਦੌਰਾਨ ਵਿਜੀਲੈਂਸ ਟੀਮ ਨੇ ਕਰੀਬ ਡੇਢ ਘੰਟੇ ਤੱਕ ਸੰਦੀਪ ਸੰਧੂ ਦੇ ਘਰ ਕੰਪਿਊਟਰ ਡਾਟਾ ਸਮੇਤ ਕੁਝ ਫਾਈਲਾਂ ਦੀ ਚੈਕਿੰਗ ਕੀਤੀ। ਜਦੋਂ ਕੁਝ ਨਾ ਮਿਲਿਆ ਤਾਂ ਵਿਜੀਲੈਂਸ ਨੇ ਘਰ ‘ਚ ਮੌਜੂਦ ਹੋਰ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ।

Add a Comment

Your email address will not be published. Required fields are marked *