ਦੀਪਕ ਟੀਨੂ ਨੂੰ ਭਜਾਉਣ ਵਿਚ ਮਦਦ ਕਰਨ ਵਾਲੇ ਤਿੰਨ ਕਾਬੂ

ਮਾਨਸਾ, 11 ਅਕਤੂਬਰ– ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਫਰਾਰ ਗੈਂਗਸਟਰ ਦੀਪਕ ਟੀਨੂ ਦੀ ਪ੍ਰੇਮਿਕਾ ਨੂੰ ਫੜਨ ਤੋਂ ਬਾਅਦ ਹੁਣ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਲੁਧਿਆਣਾ ਦੇ ਇੱਕ ਜਿਮ ਮਾਲਕ ਸਮੇਤ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਦੀਪਕ ਟੀਨੂ ਨੂੰ ਭਜਾਉਣ ਵਿੱਚ ਮਦਦ ਕੀਤੀ ਸੀ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਕਾਲੇ ਰੰਗ ਦੀ ਇੱਕ ਸਕੋਡਾ ਕਾਰ (ਪੀ.ਬੀ.11ਸੀ.ਜੇ-1563) ਵੀ ਬਰਾਮਦ ਕੀਤੀ ਹੈ, ਜੋ ਵਾਰਦਾਤ ’ਚ ਵਰਤੀ ਗਈ ਸੀ। ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਭਲਕੇ 12 ਅਕਤੂਬਰ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮਾਂ ਤੋਂ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਸੀਨੀਅਰ ਪੁਲੀਸ ਕਪਤਾਨ ਨੇ ਰਾਜ ਦੇ ਪੁਲੀਸ ਮੁਖੀ (ਡੀਜੀਪੀ) ਗੌਰਵ ਯਾਦਵ ਦੇ ਹਵਾਲੇ ਨਾਲ ਭੇਜੇ ਗਏ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਹੈ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਕੋਹਲੀ, ਰਾਜਵੀਰ ਸਿੰਘ ਉਰਫ਼ ਕਾਜ਼ਮਾ ਅਤੇ ਰਜਿੰਦਰ ਸਿੰਘ ਉਰਫ਼ ਗੋਰਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਕੁਲਦੀਪ  ਜਿਮ ਦਾ ਮਾਲਕ ਹੈ ਅਤੇ ਉਹ ਇਸ ਦੀ ਆੜ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਟੀਨੂ ਦੇ ਨਜ਼ਦੀਕੀ ਸਾਥੀ ਸਨ ਅਤੇ ਉਨ੍ਹਾਂ ਨੇ ਹੀ ਟੀਨੂ ਨੂੰ ਪੁਲੀਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ। ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਇਨ੍ਹਾਂ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੁਲੀਸ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਪਹਿਲੀ ਅਕਤੂਬਰ ਨੂੰ ਦੀਪਕ ਟੀਨੂ ਨੇ ਕੋਹਲੀ ਨੂੰ ਇਕ ਮਹਿਲਾ ਸਹਿਯੋਗੀ ਨੂੰ ਭੇਜਣ ਲਈ ਕਿਹਾ ਸੀ, ਜਿਸ ਨੇ ਸੀਆਈਏ ਮਾਨਸਾ ਵਿੱਚ ਆਪਣੇ ਸਾਥੀਆਂ ਸਮੇਤ ਟੀਨੂ ਦੀ ਭੱਜਣ ਵਿਚ ਮਦਦ ਕੀਤੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਜਵੀਰ ਸਿੰਘ ਨੇ ਆਪਣੇ ਸਾਥੀ ਗਗਨਦੀਪ ਖਹਿਰਾ ਵਾਸੀ ਲੁਧਿਆਣਾ ਨਾਲ ਮਿਲ ਕੇ ਜ਼ੀਰਕਪੁਰ ਤੋਂ ਇੱਕ ਮਹਿਲਾ ਸਾਥੀ ਨੂੰ ਲਿਆ ਅਤੇ ਕੋਹਲੀ ਵੱਲੋਂ ਦਿੱਤੇ ਕੱਪੜਿਆਂ ਦੇ ਬੈਗ ਸਮੇਤ ਸੀਆਈਏ ਮਾਨਸਾ ਨੇੜੇ ਛੱਡ ਦਿੱਤਾ। ਪੁਲੀਸ ਟੀਮਾਂ ਗਗਨਦੀਪ ਨੂੰ ਫੜਨ ਲਈ ਛਾਪੇ ਮਾਰ ਰਹੀਆਂ ਹਨ। ਦੱਸਿਆ ਗਿਆ ਹੈ ਕਿ ਕੁਲਦੀਪ ਕੋਹਲੀ ਪਿਛਲੇ ਦੋ ਸਾਲਾਂ ਤੋਂ ਦੀਪਕ ਟੀਨੂ ਨਾਲ ਜੁੜਿਆ ਹੋਇਆ ਸੀ। ਕੋਹਲੀ ਨੂੰ ਸਾਲ 2021 ਵਿੱਚ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਟੀਨੂ ਦੇ ਹਰਿਆਣਾ-ਅਧਾਰਤ ਸਾਥੀਆਂ ਦੇ ਨਾਲ ਸਰਹੱਦ ਪਾਰ ਡਰੱਗ ਤਸਕਰੀ ਕਰਨ ਲੱਗ ਪਿਆ।

ਐਸਐਸਪੀ ਨੇ ਦੱਸਿਆ ਕਿ ਭਲਕੇ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਵੀ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਦਾ 5 ਦਿਨ ਦਾ ਰਿਮਾਂਡ ਬੁੱਧਵਾਰ ਨੂੰ ਖ਼ਤਮ ਹੋ ਰਿਹਾ ਹੈ ਅਤੇ ਪੁਲੀਸ ਵੱਲੋਂ ਉਸਦਾ ਹੋਰ ਰਿਮਾਂਡ ਵਧਾਉਣ ਲਈ ਅਦਾਲਤ ਨੂੰ ਬੇਨਤੀ ਕੀਤੀ ਜਾਵੇਗੀ। 

Add a Comment

Your email address will not be published. Required fields are marked *