ਗਾਇਕ ਕਾਕਾ ਦੇ ਲਾਈਵ ਸ਼ੋਅ ਦੌਰਾਨ ਭੰਨੀਆਂ ਕੁਰਸੀਆਂ, VIP ਗੈਲਰੀ ‘ਚ ਸੁੱਟੀਆਂ ਬੋਤਲਾਂ ਤੇ ਚਲਾਏ ਪਟਾਕੇ

ਜਲੰਧਰ – ਹਰਿਆਣਾ ਦੇ ਤਿੰਨ ਦਿਨਾਂ ਹਿਸਾਰ ਮੇਲੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਫਲੇਮਿੰਗੋ ਕਲੱਬ ‘ਚ ਭਾਰੀ ਹੰਗਾਮਾ ਕੀਤਾ। ਦਰਅਸਲ, ਪੰਜਾਬੀ ਗਾਇਕ ਕਾਕਾ ਇਸ ਮੇਲੇ ‘ਚ ਲਾਈਵ ਸ਼ੋਅ ਕਰ ਰਿਹਾ ਸੀ। ਇਸ ਦੌਰਾਨ ਕੁਝ ਸ਼ਰਾਰਤੀ ਅਨਸਰ ਵੀ. ਆਈ. ਪੀ. ਗੈਲਰੀ ‘ਚ ਆ ਗਏ, ਜਿੱਥੇ ਉਨ੍ਹਾਂ ਨੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਰਸੀਆਂ ਵੀ ਭੰਨੀਆਂ। ਪੁਲਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਭੀੜ ਬੇਕਾਬੂ ਹੋ ਗਈ। ਅਜਿਹੇ ‘ਚ ਪ੍ਰਬੰਧਕਾਂ ਨੂੰ ਪੰਜਾਬੀ ਗਾਇਕ ਕਾਕਾ ਦਾ ਪ੍ਰੋਗਰਾਮ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਰੋਕਣਾ ਪਿਆ।

ਇੰਝ ਵਿਗੜੇ ਹਾਲਾਤ
ਐਤਵਾਰ ਨੂੰ ਹਿਸਾਰ ਮੇਲੇ ਦਾ ਆਖ਼ਰੀ ਦਿਨ ਸੀ। ਰਾਤ 8 ਵਜੇ ਦੇ ਕਰੀਬ ਪੰਜਾਬੀ ਗਾਇਕ ਕਾਕਾ ਨੇ ਗਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਪ੍ਰੋਗਰਾਮ ਕੁਝ ਦੇਰ ਤੱਕ ਵਧੀਆ ਚੱਲਿਆ ਪਰ ਜਿਵੇਂ-ਜਿਵੇਂ ਰਾਤ ਵਧਦੀ ਗਈ ਅਤੇ ਪ੍ਰੋਗਰਾਮ ਅੱਗੇ ਵਧਦਾ ਗਿਆ ਤਾਂ ਫਲੈਮਿੰਗੋ ਕਲੱਬ ਦੇ ਨੌਜਵਾਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਕੁਰਸੀਆਂ ਤੋੜੀਆਂ ਤੇ ਪਟਾਕੇ ਚਲਾਏ
ਸ਼ਰਾਰਤੀ ਅਨਸਰਾਂ ਨੇ ਭੀੜ ਵਾਲੀ ਥਾਂ ‘ਤੇ ਪਟਾਕੇ ਚਲਾਏ, ਜਿਸ ਕਾਰਨ ਹਫੜਾ-ਦਫੜੀ ਮੱਚ ਗਈ। ਇਸ ਦੇ ਨਾਲ ਹੀ ਪੁਲਸ ਨੇ ਦੰਗਾਕਾਰੀਆਂ ‘ਤੇ ਲਾਠੀਚਾਰਜ ਵੀ ਕੀਤਾ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਕੁਰਸੀਆਂ ‘ਤੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਕੁਰਸੀਆਂ ਤੋੜ ਦਿੱਤੀਆਂ। ਸ਼ਰਾਰਤੀ ਅਨਸਰਾਂ ਦਾ ਰਵੱਈਆ ਦੇਖ ਕੇ ਲੋਕ ਆਪਣੇ ਘਰਾਂ ਨੂੰ ਜਾਣ ਲੱਗੇ।

ਹਿਸਾਰ ਮੇਲਾ ਰਿਹਾ ਖਿੱਚ ਦਾ ਕੇਂਦਰ
ਤਿੰਨ ਰੋਜ਼ਾ ਹਿਸਾਰ ਮੇਲੇ ਨੂੰ ਲੈ ਕੇ ਸ਼ਹਿਰ ਦੇ ਲੋਕਾਂ ‘ਚ ਕਾਫ਼ੀ ਕ੍ਰੇਜ਼ ਦੇਖਣ ਨੂੰ ਮਿਲਿਆ। ਇਸ ਮੇਲੇ ‘ਚ ਅਕਬਰ ਕਾਲ ਦੇ ਪੁਰਾਤਨ ਸਿੱਕਿਆਂ, ਪੁਰਾਤਨ ਭਾਰਤੀ ਕਰੰਸੀ ਪ੍ਰਣਾਲੀ, ਦਮਦੀ, ਢੇਲਾ, ਪਾਈ, ਆਨਾ, ਪੁਰਾਣੇ ਸਮੇਂ ਦੇ ਤਾਲੇ, ਪਿੱਤਲ ਦੇ ਪੁਰਾਣੇ ਬਰਤਨ, ਹੱਥ ਕਲਾ ਦੇ ਸਟਾਲ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ।

Add a Comment

Your email address will not be published. Required fields are marked *