ਜਰਮਨੀ ਨੇ ਪਾਕਿਸਤਾਨ ਦੀ ਸ਼ੈਅ ‘ਤੇ ਅਲਾਪਿਆ ਕਸ਼ਮੀਰ ਰਾਗ, ਭਾਰਤ ਤੋਂ ਮਿਲਿਆ ਕਰਾਰਾ ਜਵਾਬ

ਬਰਲਿਨ : ਪਾਕਿਸਤਾਨ ਦੀ ਸ਼ੈਅ ‘ਤੇ ਜਰਮਨੀ ਨੇ ਵੀ ਕਸ਼ਮੀਰ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ਦੀ ਭੂਮਿਕਾ ਦੀ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਅਰਬੌਕ ਦੀ ਮੰਗ ਦਾ ਭਾਰਤ ਨੇ ਕਰਾਰਾ ਜਵਾਬ ਦਿੱਤਾ ਹੈ। ਦਾਨ ਮੰਗਣ ਜਰਮਨੀ ਪਹੁੰਚੇ ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ‘ਚ ਬੇਅਰਬੌਕ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆ ਦੇ ਹਰ ਦੇਸ਼ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਹੈ ਕਿ ਉਹ ਸੰਘਰਸ਼ਾਂ ਨੂੰ ਸੁਲਝਾਉਣ ਅਤੇ ਇਹ ਸੁਨਿਸ਼ਚਿਤ ਕਰਨ ਕਿ ਅਸੀਂ ਸ਼ਾਂਤੀਪੂਰਨ ਸੰਸਾਰ ‘ਚ ਰਹਿ ਸਕੀਏ। ਇਸ ਦੌਰਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਉਹੀ ਰਵੱਈਆ ਦੁਹਰਾਇਆ। ਉਸਨੇ ਭਾਰਤ ‘ਤੇ ਕਸ਼ਮੀਰੀ ਨਾਗਰਿਕਾਂ ‘ਤੇ ਅੱਤਿਆਚਾਰ ਕਰਨ ਅਤੇ ਫ਼ੌਜ ਦੇ ਜ਼ੋਰ ‘ਤੇ ਆਵਾਜ਼ ਨੂੰ ਦਬਾਉਣ ਦਾ ਝੂਠਾ ਦੋਸ਼ ਵੀ ਲਗਾਇਆ।

ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਅਨੁਸਾਰ ਅਤੇ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੰਮੂ-ਕਸ਼ਮੀਰ ਮੁੱਦੇ ਦੇ ਸ਼ਾਂਤੀਪੂਰਨ ਹੱਲ ਤੋਂ ਬਿਨਾਂ ਦੱਖਣੀ ਏਸ਼ੀਆ ਵਿਚ ਸ਼ਾਂਤੀ ਸੰਭਵ ਨਹੀਂ ਹੈ। ਉਨ੍ਹਾਂ ਨੇ ਭਾਰਤ ‘ਤੇ ਕਸ਼ਮੀਰ ‘ਚ ਅੱਤਿਆਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਗਾਇਆ। ਬਿਲਾਵਲ ਭੁੱਟੋ ਨੇ 10 ਮਿਲੀਅਨ ਯੂਰੋ ਦਾ ਦਾਨ ਮਿਲਣ ਤੋਂ ਬਾਅਦ ਜਰਮਨੀ ਦੇ ਵਿਦੇਸ਼ ਮੰਤਰੀ ਨੂੰ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ। ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਅਤੇ ਜਰਮਨੀ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਦੌਰਾਨ ਜਰਮਨੀ ਦੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਵਿੱਚ ਨਿਵੇਸ਼ ਦੀ ਗੱਲ ਵੀ ਕੀਤੀ।

ਕਸ਼ਮੀਰ ‘ਤੇ ਜਰਮਨੀ ਦੇ ਵਿਦੇਸ਼ ਮੰਤਰੀ ਦੇ ਬਿਆਨ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਜੰਮੂ-ਕਸ਼ਮੀਰ ਦਹਾਕਿਆਂ ਤੋਂ ਅੱਤਵਾਦ ਦਾ ਸੰਤਾਪ ਝੱਲ ਰਿਹਾ ਹੈ ਅਤੇ ਇਹ ਅੱਜ ਵੀ ਜਾਰੀ ਹੈ। ਬਾਗਚੀ ਨੇ ਕਿਹਾ ਕਿ ਵਿਸ਼ਵ ਭਾਈਚਾਰੇ ਦੇ ਸਾਰੇ ਗੰਭੀਰ ਅਤੇ ਈਮਾਨਦਾਰ ਮੈਂਬਰਾਂ ਦੀ ਅੰਤਰਰਾਸ਼ਟਰੀ ਅੱਤਵਾਦ, ਖਾਸ ਕਰਕੇ ਸਰਹੱਦ ਪਾਰ ਦੇ ਅੱਤਵਾਦ ਨੂੰ ਖਤਮ ਕਰਨ ਲਈ ਭੂਮਿਕਾ ਅਤੇ ਜ਼ਿੰਮੇਵਾਰੀ ਹੈ। ਭਾਰਤੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦਹਾਕਿਆਂ ਤੋਂ ਅਜਿਹੇ ਅੱਤਵਾਦ ਦਾ ਸ਼ਿਕਾਰ ਹੈ। ਇਹ ਹੁਣ ਤੱਕ ਜਾਰੀ ਹੈ। 

ਬਾਗਚੀ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਉੱਥੇ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਦੁੱਖ ਝੱਲਣਾ ਪਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ FATF ਅਜੇ ਵੀ 26/11 ਦੇ ਘਿਨਾਉਣੇ ਹਮਲਿਆਂ ਵਿੱਚ ਸ਼ਾਮਲ ਪਾਕਿਸਤਾਨੀ ਅੱਤਵਾਦੀਆਂ ਦਾ ਪਿੱਛਾ ਕਰ ਰਹੇ ਹਨ। ਬਾਗਚੀ ਨੇ ਕਿਹਾ ਕਿ ਕੁਝ ਦੇਸ਼ ਸੁਆਰਥ ਜਾਂ ਉਦਾਸੀਨਤਾ ਦੇ ਕਾਰਨ ਅਜਿਹੀਆਂ ਧਮਕੀਆਂ ਨੂੰ ਸਵੀਕਾਰ ਨਹੀਂ ਕਰਦੇ ਅਤੇ ਸ਼ਾਂਤੀ ਦੇ ਉਦੇਸ਼ ਨੂੰ ਕਮਜ਼ੋਰ ਕਰਦੇ ਹਨ। ਅਜਿਹਾ ਕਰਕੇ ਉਹ ਅੱਤਵਾਦ ਦੇ ਸ਼ਿਕਾਰ ਲੋਕਾਂ ਨਾਲ ਵੀ ਘੋਰ ਬੇਇਨਸਾਫ਼ੀ ਕਰਦੇ ਹਨ।

Add a Comment

Your email address will not be published. Required fields are marked *