ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਨਹੀਂ ਰਹੇ ਮਸ਼ਹੂਰ ਗੀਤਕਾਰ ਗੁਰਜੰਟ ਘਨੌਰ

ਜਲੰਧਰ : ‘ਤੂੰ ਵਿਦਾ ਹੋਇਓ ਦਿਲ ‘ਤੇ ਉਦਾਸੀ ਛਾਅ ਗਈ’, ‘ਪੀੜ ਦਿਲ ਵਾਲੀ ਬੂੰਦ ਬਣ ਅੱਖੀਆਂ ‘ਚ ਆ ਗਈ’ ਵਰਗੇ ਸੈਂਕੜੇ ਗੀਤਾਂ ਦੇ ਲੇਖਕ ਤੇ ਮਕਬੂਲ ਗੀਤਕਾਰ ਗੁਰਜੰਟ ਘਨੌਰ ਦਾ ਦਿਹਾਂਤ ਹੋ ਗਿਆ ਹੈ। ਉਹ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਭਰ ਜਵਾਨੀ ‘ਚ ਦੁਨੀਆ ਤੋਂ ਚਲਿਆ ਜਾਣਾ ਅਸਹਿ ਤੇ ਪਰੇਸ਼ਾਨ ਕਰਨ ਵਾਲਾ ਹੈ। 

ਦੱਸ ਦਈਏ ਕਿ ਗੁਰਜੰਟ ਦੀ ਕਲਮ ‘ਚੋਂ ਨਿਕਲੇ ਗੀਤਾਂ ਨੂੰ ਗੁਰਲੇਜ਼ ਅਖ਼ਤਰ, ਸੁਰਜੀਤ ਭੁੱਲਰ, ਧਰਮਪ੍ਰੀਤ, ਸੁਦੇਸ਼ ਕੁਮਾਰੀ, ਵੀਰ ਦਵਿੰਦਰ, ਬਲਕਾਰ ਖੇੜਕੀ, ਗੁੱਡੂ ਗਿੱਲ, ਚਮਕੌਰ ਖ਼ਾਨ, ਬਲਵਿੰਦਰ ਰੱਬੀ, ਕੌਰ ਪੂਜਾ ਸਮੇਤ ਹੋਰ ਦਰਜਨਾਂ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਗਾਇਕ ਧਰਮਪ੍ਰੀਤ ਦੀ ਮੌਤ ਤੋਂ ਬਾਅਦ ਗੁਰਜੰਟ ਬਹੁਤ ਉਦਾਸ ਰਹਿੰਦਾ ਸੀ ਅਤੇ ਉਨ੍ਹਾਂ ਦਾ ਗ਼ਮ ਹੀ ਉਨ੍ਹਾਂ ਨੂੰ ਲੈ ਬੈਠਿਆ। 

ਦੱਸਣਯੋਗ ਹੈ ਕਿ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਦੋਗਾਣਾ ‘ਚੁੰਨੀ’, ਧਰਮਪ੍ਰੀਤ ਦੀ ਆਵਾਜ਼ ‘ਚ ‘ਫੁੱਲਾ ਜਹੀ ਸੋਹਲ ਸੋਹਲ ਤੇਰੇ ਪਿੱਛੇ ਰੋਲ ਰੋਲ ਜੁਲਫ ਤੇਰੀ ‘ਚ ਉਲਝਾਕੇ ਬਹਿਗੇ ਜਿੰਦਗੀ’, ਚਮਕੌਰ ਖ਼ਾਨ ‘ਗੱਲ ਗੱਲ’, ਬਲਕਾਰ ਖੇੜਕੀ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ‘ਚੰਬੇ ਦੀਆਂ ਕਲੀਆਂ’, ‘ਡਿਸਕਵਰ’ ਗੀਤ ਉਨ੍ਹਾਂ ਦਾ ਕਾਫ਼ੀ ਮਕਬੂਲ ਹੋਇਆ ਸੀ। ਵੀਰ ਦਵਿੰਦਰ ‘ਕੁੜੀਆਂ ਦੇ ਦਿਲ ਕੱਚ’, ‘ਸ਼ੁਦਾਈਆ’ ਸੁਦੇਸ਼ ਕੁਮਾਰੀ, ਬਲਵਿੰਦਰ ਬੱਬੀ ਤੇ ਕੌਰ ਪੂਜਾ ਦੀ ਆਵਾਜ਼ ‘ਚ ‘ਜਵਾਨੀ’ ਸਮੇਤ ਕਈ ਹੋਰ ਕਲਾਕਾਰਾਂ ਨੇ ਵੀ ਉਨ੍ਹਾਂ ਦੇ ਗੀਤ ਗਾਏ ਹਨ। ਇਸ ਗੀਤਕਾਰ ਦੀ ਬੇਵਕਤੀ ਮੌਤ ਨਾਲ ਸੱਭਿਆਚਾਰ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Add a Comment

Your email address will not be published. Required fields are marked *