ਪੁਲੀਸ ’ਤੇ ਗੋਲੀਆਂ ਚਲਾ ਕੇ ਭੱਜਿਆ ਗੈਂਗਸਟਰ ਪੰਜ ਘੰਟਿਆਂ ’ਚ ਕਾਬੂ

ਬਟਾਲਾ, 8 ਅਕਤੂਬਰ

ਪੁਲੀਸ ਜ਼ਿਲ੍ਹਾ ਬਟਾਲਾ ਦੇ ਥਾਣਾ ਰੰਗੜ ਨੰਗਲ ਦੀ ਪੁਲੀਸ ’ਤੇ ਗੋਲੀਆਂ ਚਲਾ ਕੇ ਭੱਜੇ ਇੱਕ ਗੈਂਗਸਟਰ ਨੂੰ ਬਟਾਲਾ ਪੁਲੀਸ ਨੇ ਕਰੀਬ ਪੰਜ ਘੰਟੇ ਬਾਅਦ ਪਿੰਡ ਕੋਟਲਾ ਬੱਝਾ ਸਿੰਘ ਵਿੱਚ ਪੈਂਦੇ ਗੰਨੇ ਦੇ ਖੇਤਾਂ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਹਾਲਤ ਵਿੱਚ ਹੋਣ ਕਾਰਨ ਪੁਲੀਸ ਨੇ ਗੈਂਗਸਟਰ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਜਿੱਥੇ ਪੁਲੀਸ ਦੇ ਪਹਿਰੇ ਹੇਠ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਪੁਲੀਸ ਅਧਿਕਾਰੀਆਂ ਅਨੁਸਾਰ ਉਸ ਦੀ ਲੱਤ ਤੇ ਪਿੱਠ ਵਿੱਚ ਗੋਲੀ ਲੱਗੀ ਹੈ। ਪੁਲੀਸ ਨੇ ਉਸ ਕੋਲੋਂ ਦੋ ਪਿਸਤੌਲਾਂ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਝੜਪ ਦੌਰਾਨ ਗੈਂਗਸਟਰ ਵੱਲੋਂ 30-35 ਫਾਇਰ ਕੀਤੇ ਗਏ, ਜਿਸ ਦੇ ਜਵਾਬ ਵਿੱਚ ਪੁਲੀਸ ਨੇ ਵੀ 35-40 ਗੋਲੀਆਂ ਚਲਾਈਆਂ। ਤਲਾਸ਼ੀ ਮੁਹਿੰਮ ਦੀ ਅਗਵਾਈ ਕਰ ਰਹੇ ਐੱਸਐਸਪੀ ਬਟਾਲਾ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੈਂਗਸਟਰ ਰਣਜੋਧ ਸਿੰਘ ਜੋ ਕਿ ਪੁਲੀਸ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦਾ ਰਹਿਣ ਵਾਲਾ ਹੈ, ਬਾਰੇ ਜਾਣਕਾਰੀ ਮਿਲੀ ਸੀ ਕਿ ਉਹ ਕੁੱਝ ਦਿਨਾਂ ਤੋਂ ਇਸ ਖੇਤਰ ਵਿੱਚ ਸਰਗਰਮ ਹੈ। ਪੁਲੀਸ ਨੇ ਅੱਜ ਉਸ ਨੂੰ ਕਾਬੂ ਕਰਨ ਲਈ ਛਾਪਾ ਮਾਰਿਆ ਪਰ ਉਹ ਪੁਲੀਸ ’ਤੇ ਗੋਲੀਆਂ ਚਲਾ ਕੇ ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਕੋਟਲਾ ਬੱਝਾ ਸਿੰਘ ਦੇ ਗੰਨੇ ਦੇ ਖੇਤਾਂ ਵਿੱਚ ਲੁਕ ਗਿਆ। ਉਨ੍ਹਾਂ ਦੱਸਿਆ ਕਿ ਉਕਤ ਗੈਂਗਸਟਰ ਨੇ ਪੁਲੀਸ ’ਤੇ ਕਰੀਬ 30-35 ਗੋਲੀਆਂ ਚਲਾਈਆਂ ਜਿਸ ਦੇ ਜਵਾਬ ਵਿੱਚ ਪੁਲੀਸ ਦੇ ਜਵਾਨਾਂ ਨੇ ਵੀ 35-40 ਗੋਲੀਆਂ ਚਲਾਈਆਂ। ਐੱਸਐੱਸਪੀ ਬਟਾਲਾ ਨੇ ਘਟਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਅਤੇ ਸਿਰਫ਼ ਚੰਗੇ ਨਤੀਜੇ ਲਈ ਆਪਣੀ ਪੁਲੀਸ ਦੀ ਪਿੱਠ ਥਾਪੜੀ। ਇਸ ਅਪਰੇਸ਼ਨ ਦੌਰਾਨ ਐੱਸਐੱਸਪੀ ਇੱਕ      ਘਰ ਦੀ ਛੱਤ ’ਤੇ ਚੜ੍ਹ ਕੇ ਸਪੀਕਰ    ਰਾਹੀਂ ਵਾਰ-ਵਾਰ ਗੈਂਗਸਟਰ ਨੂੰ      ਆਤਮ-ਸਮਰਪਣ ਕਰਨ ਦੀ ਅਪੀਲ ਕਰਦੇ ਰਹੇ। ਪੁਲੀਸ ਨੇ ਇਸ ਮੁਹਿੰਮ ਦੌਰਾਨ ਡਰੋਨ ਅਤੇ ਬਖ਼ਤਰਬੰਦ ਟਰੈਕਟਰ ਦੀ ਵਰਤੋਂ ਵੀ ਕੀਤੀ ਅਤੇ ਕਰੀਬ ਪੰਜ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਦੂਜੇ ਪਾਸੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨਸਾਰ ਉਕਤ ਗੈਂਗਸਟਰ ਆਪਣੀ ਪਤਨੀ ਅਤੇ ਇੱਕ ਬੱਚੇ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ ਕਿ ਰਸਤੇ ਵਿੱਚ ਪੁਲੀਸ ਵੱਲੋਂ ਰੋਕਣ ’ਤੇ ਉਸ ਨੇ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਭਜਾ ਲਿਆ। ਪਿੱਛਾ ਕਰਦਿਆਂ ਪੁਲੀਸ ਦੀ ਗੱਡੀ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਵੀ ਮਾਰੀ। ਪੁਲੀਸ ਨੇ ਉਸ ਦੀ ਪਤਨੀ ਅਤੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਜਦ ਕਿ ਉਕਤ ਗੈਂਗਸਟਰ ਦੋਹਾਂ ਹੱਥਾਂ ਵਿੱਚ ਫੜੀਆਂ ਦੋ ਪਿਸਤੌਲਾਂ ਨਾਲ ਗੋਲੀਆਂ ਚਲਾਉਂਦਾ ਹੋਇਆ ਉੱਥੋਂ ਦੌੜ ਕੇ ਨੇੜਲੇ ਪਿੰਡ ਕੋਟਲਾ ਬੱਝਾ ਸਿੰਘ ਦੇ ਗੰਨੇ ਦੇ ਖੇਤਾਂ ਵਿੱਚ ਜਾ ਕੇ ਲੁਕ ਗਿਆ। ਉਪਰੰਤ ਭਾਰੀ ਪੁਲੀਸ ਬਲ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਕਾਫੀ ਮੁਸ਼ੱਕਤ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਗੈਂਗਸਟਰ ਦੀ ਪਤਨੀ ਤੇ ਬੱਚੇ ਨੂੰ ਹਿਰਾਸਤ ਵਿੱਚ ਲੈਣ ਸਬੰਧੀ ਕੋਈ ਵੀ ਪੁਲੀਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ। ਪੁਲੀਸ ਅਧਿਕਾਰੀਆਂ ਅਤੇ ਪ੍ਰਤੱਖਦਰਸ਼ੀਆਂ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਆਪਸ ਵਿੱਚ ਮੇਲ ਨਹੀਂ ਖਾ ਰਹੀ। ਬਟਾਲਾ ਪੁਲੀਸ ਦੇ ਇਕ ਉੱਚ ਅਧਿਕਾਰੀ ਅਨਸਾਰ ਪੁਲੀਸ ਨੇ ਗੈਂਗਸਟਰ ਦੀ ਭਾਲ ਵਿੱਚ ਛਾਪੇ ਮਾਰੇ ਤੇ ਇਸ  ਦੌਰਾਨ ਉਹ ਪੁਲੀਸ ’ਤੇ ਗੋਲੀਆਂ ਚਲਾਉਂਦਾ ਹੋਇਆ ਨੇੜਲੇ ਗੰਨੇ ਦੇ ਖੇਤਾਂ ਵਿੱਚ ਜਾ ਕੇ ਲੁਕ ਗਿਆ, ਪਰ ਪੁਲੀਸ ਦੇ ਕੁੱਝ ਸੂਤਰਾਂ ਅਤੇ ਪ੍ਰਤੱਖਦਰਸੀਆਂ ਅਨੁਸਾਰ ਪੁਲੀਸ ਕੋਲ ਗੈਂਗਸਟਰ ਬਾਰੇ ਜਾਣਕਾਰੀ ਸੀ ਅਤੇ ਪੁਲੀਸ ਨੇ ਉਸੇ ਰਸਤੇ ਵਿੱਚ ਨਾਕਾ ਲਾਇਆ ਹੋਇਆ ਸੀ ਜਿੱਥੋਂ ਉਸ ਨੇ ਲੰਘਣਾ ਸੀ। 

Add a Comment

Your email address will not be published. Required fields are marked *