ਸਲਮਾਨ ਰਸ਼ਦੀ ਦੀ ਹਾਲਤ ’ਚ ਸੁਧਾਰ

ਨਿਊਯਾਰਕ, 14 ਅਗਸਤ

ਉੱਘੇ ਲੇਖਕ ਸਲਮਾਨ ਰਸ਼ਦੀ ਨੂੰ ਵੈਂਟੀਲੇਟਰ ਤੋਂ ਫ਼ਿਲਹਾਲ ਲਾਹ ਦਿੱਤਾ ਗਿਆ ਹੈ ਤੇ ਉਹ ਗੱਲਬਾਤ ਕਰ ਰਹੇ ਹਨ। ਰਸ਼ਦੀ ’ਤੇ ਸ਼ੁੱਕਰਵਾਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਅਮਰੀਕੀ ਜਾਂਚ ਅਧਿਕਾਰੀਆਂ ਨੇ ਇਸ ਨੂੰ ‘ਬਿਨਾਂ ਭੜਕਾਹਟ ਤੋਂ ਯੋਜਨਾਬੱਧ ਤਰੀਕੇ ਨਾਲ ਮਿੱਥ ਕੇ ਕੀਤਾ ਗਿਆ’ ਹਮਲਾ ਕਰਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਰਸ਼ਦੀ ਨੂੰ ਉਨ੍ਹਾਂ ਦੀਆਂ ਰਚਨਾਵਾਂ ਲਈ ਇਸਲਾਮਿਕ ਕੱਟੜਵਾਦੀਆਂ ਤੋਂ ਕਈ ਸਾਲਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਰਸ਼ਦੀ ਉਤੇ ਨਿਊ ਜਰਸੀ ਵਾਸੀ 24 ਸਾਲ ਦੇ ਹਾਦੀ ਮਤਾਰ ਨੇ ਹਮਲਾ ਕੀਤਾ ਸੀ। ਉਹ ਅਮਰੀਕੀ ਨਾਗਰਿਕ ਹੈ ਤੇ ਲਿਬਨਾਨੀ ਮੂਲ ਦਾ ਹੈ। ਰਸ਼ਦੀ (75) ਦੇ ਏਜੰਟ ਐਂਡਰਿਊ ਵਾਇਲੀ ਨੇ ਲੇਖਕ ਨੂੰ ਵੈਂਟੀਲੇਟਰ ਤੋਂ ਲਾਹੇ ਜਾਣ ਦੀ ਪੁਸ਼ਟੀ ਕੀਤੀ ਹੈ। ਚਾਕੂ ਨਾਲ ਹਮਲੇ ਤੋਂ ਬਾਅਦ ਰਸ਼ਦੀ ਨੂੰ ਹਸਪਤਾਲ ਲਿਜਾਇਆ ਗਿਆ ਸੀ ਤੇ ਵੈਂਟੀਲੇਟਰ ਉਤੇ ਲਾ ਦਿੱਤਾ ਗਿਆ ਸੀ। ਸ਼ਨਿਚਰਵਾਰ ਮਤਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ਨੇ ਹੱਤਿਆ ਦੀ ਕੋਸ਼ਿਸ਼ ਤੇ ਹਮਲੇ ਦੇ ਦੋਸ਼ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ। ਉਸ ਨੂੰ ਜ਼ਮਾਨਤ ਦੇਣ ਤੋਂ ਅਦਾਲਤ ਨੇ ਇਨਕਾਰ ਕਰ ਦਿੱਤਾ। ਰਸ਼ਦੀ ਦੀ ਗਰਦਨ, ਪੇਟ, ਅੱਖ ਤੇ ਛਾਤੀ ਉਤੇ ਜ਼ਖ਼ਮ ਹਨ। ਰਸ਼ਦੀ ਉਤੇ ਹੋਏ ਹਮਲੇ ਦੀ ਦੁਨੀਆ ਭਰ ਦੇ ਆਗੂਆਂ ਨੇ ਨਿੰਦਾ ਕੀਤੀ ਹੈ।

Add a Comment

Your email address will not be published. Required fields are marked *