ਯੂਰਪੀਅਨ ਕਲੱਬ ਸ਼ਤਰੰਜ – ਗੁਕੇਸ਼ ਅਤੇ ਵਿਦਿਤ ਦੀ ਲਗਾਤਾਰ ਦੂਜੀ ਜਿੱਤ

ਮਾਈਹੋਫੇਨ, ਆਸਟਰੀਆ – 37ਵੀਂ ਯੂਰਪੀਅਨ ਕਲੱਬ ਸ਼ਤਰੰਜ ਚੈਂਪੀਅਨਸ਼ਿਪ ਦੇ ਦੂਜੇ ਦਿਨ 5 ਭਾਰਤੀ ਖਿਡਾਰੀ ਖੇਡਦੇ ਹੋਏ ਨਜ਼ਰ ਆਏ ਜਿਸ ‘ਚ ਡੀ ਗੁਕੇਸ਼ ਅਤੇ ਵਿਦਿਤ ਗੁਜਰਾਤੀ ਨੇ ਲਗਾਤਾਰ ਦੂਜੇ ਦਿਨ ਜਿੱਤ ਦਰਜ ਕੀਤੀ ਜਦਕਿ ਅਰਜੁਨ ਏਰੀਗਾਸੀ, ਪੇਂਟਾਲਾ ਹਰਿਕ੍ਰਿਸ਼ਨਾ ਅਤੇ ਨਿਹਾਲ ਸਰੀਨ ਨੇ ਆਪਣੇ-ਆਪਣੇ ਮੈਚ ਡਰਾਅ ਕੀਤੇ। ਭਾਰਤ ਦੇ ਨੰਬਰ 1 ਖਿਡਾਰੀ ਵਿਸ਼ਵਨਾਥਨ ਆਨੰਦ ਦੂਜੇ ਦਿਨ ਆਰਾਮ ‘ਤੇ ਸਨ।

ਰੋਮਾਨੀਆ ਦੇ ਸੁਪਰਬੇਟ ਕਲੱਬ ਲਈ ਖੇਡਦੇ ਹੋਏ ਗੁਕੇਸ਼ ਨੇ ਸਲੋਵਾਕੀਆ ਦੀ ਐਸਕੇ ਸਟ੍ਰਾਡਾ ਟੀਮ ਦੇ ਗ੍ਰੈਂਡ ਮਾਸਟਰ ਵਰਗਾ ਜੋਲਟਨ ਨੂੰ ਹਰਾਇਆ। ਸਫੈਦ ਮੋਹਰਿਆਂ ਨਾਲ ਖੇਡ ਰਹੇ ਗੁਕੇਸ਼ ਦੇ ਸਾਹਮਣੇ ਜੋਲਟਨ ਨੇ ਸੈਂਟਰ ਕਾਊਂਟਰ ਓਪਨਿੰਗ ਖੇਡੀ ਪਰ ਗੁਕੇਸ਼ ਦੇ ਸ਼ਾਨਦਾਰ ਹਮਲਾਵਰ ਖੇਡ ਦੇ ਸਾਹਮਣੇ ਉਸ ਨੂੰ 30 ਚਾਲਾਂ ‘ਚ ਹਾਰ ਮੰਨਣੀ ਪਈ। ਗੁਕੇਸ਼ ਦੀ ਮਦਦ ਨਾਲ ਉਨ੍ਹਾਂ ਦੀ ਟੀਮ ਮੈਚ 5-1 ਨਾਲ ਜਿੱਤਣ ‘ਚ ਕਾਮਯਾਬ ਰਹੀ।

ਸਰਬੀਆ ਦੀ ਨੋਵੀ ਸਾਦ ਟੀਮ ਨਾਲ ਖੇਡਦੇ ਹੋਏ ਭਾਰਤ ਦੇ ਵਿਦਿਤ ਗੁਜਰਾਤੀ ਨੇ ਨੀਦਰਲੈਂਡ ਦੇ ਲੀਡੇਨ ਐਲ. ਐਸ. ਜੀ. ਦੇ ਜੇਂਸ ਗੇਲਮਰ ਨੂੰ ਹਰਾਇਆ। ਵਿਦਿਤ ਨੇ ਚਿੱਟੇ ਮੋਹਰਿਆਂ ਨਾਲ ਖੇਡਦੇ ਹੋਏ ‘ਤੇ 70 ਚਾਲਾਂ ਤੱਕ ਲੰਬੇ ਚੱਲੇ ਮੈਚ ‘ਚ ਆਪਣੇ ਬਿਹਤਰੀਨ ਐਂਡਗੇਮ ਦੇ ਦਮ ‘ਤੇ ਜਿੱਤ ਹਾਸਲ ਕੀਤੀ ਅਤੇ ਟੀਮ ਨੂੰ 5-1 ਨਾਲ ਜਿੱਤ ਦਿਵਾਈ। ਇਸੇ ਟੀਮ ਵੱਲੋਂ ਖੇਡ ਰਹੇ ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਨਾ ਨੇ ਆਰਥਰ ਪਾਈਪਰਸ ਨਾਲ ਅੱਧਾ ਅੰਕ ਸਾਂਝਾ ਕੀਤਾ। ਸਲੋਵੇਨੀਆ ਦੇ ਤਾਜਫੁਨ ਕਲੱਬ ਨਾਲ ਖੇਡਦੇ ਹੋਏ, ਭਾਰਤ ਦੇ ਅਰਜੁਨ ਏਰਿਗਾਸੀ ਅਤੇ ਨਿਹਾਲ ਸਰੀਨ ਨੇ ਆਈਸਲੈਂਡ ਦੇ ਰੇਕੇਵੇਕ ਕਲੱਬ ਦੇ ਗੁਡਮੁੰਡੂਰ ਕਰਟਨਸਨ ਅਤੇ ਮਾਰਗਰ ਪੇਟਰਸਨ ਨਾਲ ਬਾਜ਼ੀ  ਡਰਾਅ ਖੇਡੀ, ਹਾਲਾਂਕਿ ਉਨ੍ਹਾਂ ਦੀ ਟੀਮ ਮੈਚ 5-1 ਨਾਲ ਜਿੱਤਣ ਵਿੱਚ ਕਾਮਯਾਬ ਰਹੀ।

Add a Comment

Your email address will not be published. Required fields are marked *