ਭੌਤਿਕ ਵਿਗਿਆਨ ਵਿਚ ਤਿੰਨ ਵਿਗਿਆਨੀਆਂ ਨੂੰ ਸਾਂਝਾ ਨੋਬੇਲ

ਸਟਾਕਹੋਮ:ਭੌਤਿਕ ਵਿਗਿਆਨ ਵਿਚ ਇਸ ਸਾਲ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ। ਇਹ ਸਨਮਾਨ ਇਨ੍ਹਾਂ ਨੂੰ ਕੁਆਂਟਮ ਸੂਚਨਾ ਵਿਗਿਆਨ ਵਿਚ ਕੀਤੇ ਖੋਜ ਕਾਰਜ ਲਈ ਦਿੱਤਾ ਗਿਆ ਹੈ ਜਿਸ ਨੂੰ ਕਈ ਖੇਤਰਾਂ ਵਿਚ ਵਰਤਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ’ਤੇ ਇਨਕ੍ਰਿਪਸ਼ਨ ਦੇ ਖੇਤਰ ਵਿਚ ਵੀ ਇਸ ਦਾ ਇਸਤੇਮਾਲ ਹੋ ਸਕਦਾ ਹੈ। ਰੌਇਲ ਸਵੀਡਸ਼ ਅਕੈਡਮੀ ਆਫ਼ ਸਾਇੰਸਿਜ਼ ਮੁਤਾਬਕ ‘ਕੁਆਂਟਮ ਇਨਫਰਮੇਸ਼ਨ ਸਾਇੰਸ’ ਵਿਚ ਮਹੱਤਵਪੂਰਨ ਖੋਜ ਕਾਰਜਾਂ ਲਈ ਇਹ ਪੁਰਸਕਾਰ ਐਲੇਨ ਆਸਪੈਕਟ, ਜੌਹਨ ਐਫ. ਕਲੌਜ਼ਰ ਤੇ ਐਂਟਨ ਜ਼ੀਲਿੰਗਰ ਨੂੰ ਦਿੱਤਾ ਜਾ ਰਿਹਾ ਹੈ। ਨੋਬੇਲ ਕਮੇਟੀ ਦੀ ਮੈਂਬਰ ਈਵਾ ਓਲਸਨ ਨੇ ਕਿਹਾ ਕਿ ਕੁਆਂਟਮ ਵਿਗਿਆਨ ਉੱਭਰਦਾ ਹੋਇਆ ਖੇਤਰ ਹੈ। ਸੁਰੱਖਿਅਤ ਸੂਚਨਾ ਤਬਾਦਲੇ, ਕੁਆਂਟਮ ਕੰਪਿਊਟਿੰਗ ਤੇ ਸੈਂਸਿੰਗ ਤਕਨੀਕ ਵਿਚ ਇਸ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਦਾ ਆਧਾਰ ਕੁਆਂਟਮ ਮਕੈਨਿਕਸ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਮੈਡੀਸਨ ਖੇਤਰ ਵਿਚ ਸਵੀਡਿਸ਼ ਵਿਗਿਆਨੀ ਸਵਾਂਤੇ ਪਾਬੋ ਨੂੰ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ। ਭਲਕੇ ਰਸਾਇਣ ਵਿਗਿਆਨ (ਕੈਮਿਸਟਰੀ) ਵਿਚ ਨੋਬੇਲ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ। 

Add a Comment

Your email address will not be published. Required fields are marked *