ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ 38 ਪੈਸੇ ਫਿਸਲ ਕੇ 81.78 ਪ੍ਰਤੀ ਡਾਲਰ ‘ਤੇ ਪਹੁੰਚਿਆ

ਮੁੰਬਈ – ਘਰੇਲੂ ਬਾਜ਼ਾਰਾਂ ਵਿੱਚ ਸੁਸਤ ਰੁਖ ਅਤੇ ਨਿਵੇਸ਼ਕਾਂ ਦੇ ਖ਼ਤਰੇ ਤੋਂ ਬਚਣ ਦੇ ਰੁਝਾਨ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 38 ਪੈਸੇ ਦੀ ਕਮਜ਼ੋਰੀ ਨਾਲ 81.78 ਦੇ ਪੱਧਰ ‘ਤੇ ਆ ਗਿਆ। ਵਪਾਰੀਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦਾ ਵੀ ਰੁਪਏ ਦੀ ਸਥਿਤੀ ‘ਤੇ ਅਸਰ ਪਿਆ ਹੈ।

ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ‘ਚ ਰੁਪਿਆ 81.65 ਪ੍ਰਤੀ ਡਾਲਰ ‘ਤੇ ਖੁੱਲ੍ਹਿਆ ਅਤੇ ਛੇਤੀ ਹੀ 81.78 ਦੇ ਪੱਧਰ ‘ਤੇ ਆ ਗਿਆ। ਇਸ ਤਰ੍ਹਾਂ ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ ਰੁਪਏ ‘ਚ 38 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਰੁਪਿਆ 33 ਪੈਸੇ ਦੇ ਵਾਧੇ ਨਾਲ 81.40 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ। 

ਇਸ ਦੌਰਾਨ ਦੁਨੀਆ ਦੀਆਂ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਅੰਕ 0.04 ਫੀਸਦੀ ਡਿੱਗ ਕੇ 112.08 ‘ਤੇ ਆ ਗਿਆ।

ਕੌਮਾਂਤਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 2.77 ਫੀਸਦੀ ਵਧ ਕੇ 87.50 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ। ਘਰੇਲੂ ਸਟਾਕ ਬਾਜ਼ਾਰਾਂ ਵਿੱਚ, ਬੀਐਸਈ ਅਤੇ ਐਨਐਸਈ ਦੋਵਾਂ ਵਿੱਚ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ ਦਾ ਰੁਝਾਨ ਸੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਫਿਰ ਤੋਂ ਭਾਰਤੀ ਬਾਜ਼ਾਰਾਂ ਤੋਂ ਬਾਹਰ ਨਿਕਲਣ ਦਾ ਰੁਖ ਅਪਣਾ ਲਿਆ ਹੈ। ਉਪਲਬਧ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਨੇ ਸਤੰਬਰ ਮਹੀਨੇ ਵਿੱਚ ਕੁੱਲ 7,600 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ।

Add a Comment

Your email address will not be published. Required fields are marked *