ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਣਜੀ ਟਰਾਫੀ ਕ੍ਰਿਕਟ ਖਿਡਾਰੀ ਅਤੇ ਰਾਸ਼ਟਰੀ ਪੱਧਰ ਦੇ ਕੋਚ ਜਸਵੰਤ ਰਾਏ ਨੂੰ ਆਉਣ ਵਾਲੇ ਘਰੇਲੂ ਸੈਸ਼ਨ ਲਈ ਦਿੱਲੀ ਅੰਡਰ-19 ਪੁਰਸ਼ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਰਾਏ ਨੇ 70 ਫਸਟ ਕਲਾਸ ਮੈਚ ਖੇਡੇ ਹਨ ਅਤੇ ਉਹ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ਼ ਕ੍ਰਿਕਟ ਟੀਮ, ਹਿਮਾਚਲ ਪ੍ਰਦੇਸ਼ ਮਹਿਲਾ ਟੀਮ ਅਤੇ ਪੰਜਾਬ ਅੰਡਰ-19 ਮਹਿਲਾ ਟੀਮ ਨੂੰ ਕੋਚਿੰਗ ਦੇ ਚੁੱਕੇ ਹਨ। ਉਹ 2017 ਤੋਂ 2019 ਤੱਕ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ਼ ਕ੍ਰਿਕਟ ਟੀਮ ਦੇ ਚੋਣਕਾਰ ਵੀ ਸਨ।

ਰਾਏ ਨੇ ਹਾਲ ਹੀ ’ਚ ਬਹੁਤ ਪ੍ਰਸਿੱਧੀ ਹਾਸਲ ਕੀਤੀ, ਜਦੋਂ ਉਨ੍ਹਾਂ ਦੇ ਸਿਖਿਆਰਥੀ ਤੇ ਖੱਬੇ ਹੱਥ ਦੇ ਮੀਡੀਅਮ-ਪੇਸਰ, ਅਰਸ਼ਦੀਪ ਸਿੰਘ ਨੇ ਆਈ.ਪੀ.ਐੱਲ. ਦੇ ਪਿਛਲੇ ਸੀਜ਼ਨਾਂ ਦੌਰਾਨ ਪੰਜਾਬ ਕਿੰਗਜ਼ ਲਈ ਗੇਂਦਬਾਜ਼ੀ ਕਰਦੇ ਹੋਏ ਸੁਰਖੀਆਂ ’ਚ ਰਹਿਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ’ਚ ਆਪਣੀ ਥਾਂ ਬਣਾਈ । ਜਸਵੰਤ ਰਾਏ ਨੇ ਕਿਹਾ ਹੈ ਕਿ ਉਨ੍ਹਾਂ ਇਸ ਸਾਲ ਦਿੱਲੀ ਅੰਡਰ-19 ਪੁਰਸ਼ ਟੀਮ ਦੀ ਜਿੱਤ ਦਾ ਡੰਕਾ ਵਜਾਉਣ ਲਈ ਕਮਰ ਕੱਸ ਲਈ ਹੈ। ਰਾਏ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਇਹ ਹੋਵੇਗਾ ਕਿ ਦਿੱਲੀ ਦੀ ਅੰਡਰ-19 ਟੀਮ ਜਿੱਤੇ ਅਤੇ ਵੱਧ ਤੋਂ ਵੱਧ ਨੌਜਵਾਨ ਖਿਡਾਰੀ ਸੀਨੀਅਰ ਟੀਮ ’ਚ ਥਾਂ ਬਣਾਉਣ। ਨਵ-ਨਿਯੁਕਤ ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.) ਨੇ ਸਾਬਕਾ ਕ੍ਰਿਕਟਰ ਗੁਰਸ਼ਰਨ ਸਿੰਘ, ਨਿਖਿਲ ਚੋਪੜਾ ਅਤੇ ਰੀਮਾ ਮਲਹੋਤਰਾ ਵਾਲੀ ਦਿੱਲੀ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਵਿਖੇ ਆਉਣ ਵਾਲੇ ਸੀਜ਼ਨ ਦੇ ਕੋਚਿੰਗ ਸਟਾਫ ਅਤੇ ਚੋਣ ਕਮੇਟੀ ਦੀ ਨਿਯੁਕਤੀ ਕੀਤੀ ਹੈ।

Add a Comment

Your email address will not be published. Required fields are marked *