ਗੀਤ ‘ਅੰਬਰਸਰੀਆ’ ’ਤੇ ਨੱਚੇ ਰਿਚਾ ਤੇ ਅਲੀ

ਮੁੰਬਈ:ਅਦਾਕਾਰ ਜੋੜੀ ਰਿਚਾ ਚੱਢਾ ਤੇ ਅਲੀ ਫ਼ੈਜ਼ਲ ਦੇ ਵਿਆਹ ਸਮਾਗਮ ਦੀਆਂ ਰਸਮਾਂ ਤਹਿਤ ਦਿੱਲੀ ਵਿੱਚ ਬੀਤੀ ਰਾਤ ਗੀਤ-ਸੰਗੀਤ ਸਮਾਗਮ ਹੋਇਆ, ਜਿਸ ਮਗਰੋਂ ਹੁਣ ਅਦਾਕਾਰ ਜੋੜੀ ਲਖਨਊ ਰਵਾਨਾ ਹੋ ਗਈ ਹੈ, ਜਿਥੇ ਮਹਿੰਦੀ ਤੇ ਸੰਗੀਤ ਦੀਆਂ ਰਸਮਾਂ ਸਣੇ ਰਿਸ਼ਤੇਦਾਰਾਂ ਤੇ ਸਨੇਹੀਆਂ ਨਾਲ ਪਾਰਟੀ ਦੀ ਤਿਆਰੀ ਕੀਤੀ ਗਈ ਹੈ। ਦਿੱਲੀ ਵਿੱਚ ਹੋਏ ਸੰਗੀਤ ਸਮਾਗਮ ਦੌਰਾਨ ਰਿਚਾ ਤੇ ਅਲੀ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਰਿਚਾ ਦੀ ਬਚਪਨ ਦੀ ਸਹੇਲੀ ਨੇ ਦੋਵਾਂ ਲਈ ਇੱਕ ਵਿਸ਼ੇਸ਼ ਪੇਸ਼ਕਾਰੀ ਦਿੱਤੀ, ਜਦਕਿ ਅਲੀ ਦੇ ਭਰਾ ਨੇ ਇੱਕ ਗੀਤ ਗਾਇਆ ਤੇ ਭੰਗੜਾ ਵੀ ਪਾਇਆ। ਇਸ ਮਗਰੋਂ ਰਿਚਾ ਤੇ ਅਲੀ ਨੇ ਫਿਲਮ ‘ਫੁਕਰੇ’ ਦੇ ਗੀਤ ‘ਅੰਬਰਸਰੀਆ’ ’ਤੇ ਪੇਸ਼ਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਲਖਨਊ ਵਿੱਚ ਨਿਭਾਈਆਂ ਜਾਣ ਵਾਲੀਆਂ ਰਸਮਾਂ ਲਈ ਸਜਾਵਟ ਕੁਦਰਤੀ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਸਾਰੀ ਸਜਾਵਟ ਫੁੱਲਾਂ, ਜੂਟ ਅਤੇ ਲੱਕੜ ਨਾਲ ਕੀਤੀ ਗਈ ਹੈ। ਇਸ ਮੌਕੇ ਵਿਆਹ ਵਾਲੀ ਜੋੜੀ ਤੇ ਰਿਸ਼ਤੇਦਾਰਾਂ ਨੇ ਆਪਸ ਵਿੱਚ ਫੁੱਲਾਂ ਦੀ ਹੋਲੀ ਵੀ ਖੇਡੀ।

Add a Comment

Your email address will not be published. Required fields are marked *