ਗੈਂਗਸਟਰ ਦੀਪਕ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਗੈਂਗ ਦੀ ਪੰਜਾਬ ਤੇ ਹਰਿਆਣਾ ਪੁਲਸ ਨੂੰ ਧਮਕੀ

ਚੰਡੀਗੜ੍ਹ : ਖ਼ਤਰਨਾਕ ਗੈਂਗਸਟਰ ਦੀਪਕ ਟੀਨੂੰ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬ ਅਤੇ ਹਰਿਆਣਾ ਪੁਲਸ ਨੂੰ ਧਮਕੀ ਦਿੱਤੀ ਹੈ। ਲਾਰੈਂਸ ਗੈਂਗ ਨੇ ਫੇਸਬੁੱਕ ਪੋਸਟ ਪਾ ਕੇ ਪੰਜਾਬ ਅਤੇ ਹਰਿਆਣਾ ਪੁਲਸ ਨੂੰ ਦੀਪਕ ਟੀਨੂੰ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਟੀਨੂੰ ਸ਼ਨੀਵਾਰ ਰਾਤ ਨੂੰ ਮਾਨਤਾ ਪੁਲਸ ਦੀ ਹਿਰਾਸਤ ’ਚੋਂ ਉਸ ਵੇਲੇ ਫਰਾਰ ਹੋ ਗਿਆ ਸੀ, ਜਦੋਂ ਉਸ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਪੁੱਛਗਿੱਛ ਲਈ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਜਾ ਰਹੀ ਸੀ।

ਕੀ ਲਿਖਿਆ ਲਾਰੈਂਸ ਗੈਂਗ ਨੇ 

ਲਾਰੈਂਸ ਗੈਂਗ ਨੇ ਲਿਖਿਆ ਹੈ ਕਿ ਇਹ ਪੋਸਟ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਪੁਲਸ ਲਈ ਹੈ। ਸਾਡਾ ਭਰਾ ਟੀਨੂੰ ਹਰਿਆਣਾ ਉਰਫ ਦੀਪਕ ਪੁਲਸ ਹਿਰਾਸਤ ’ਚੋ ਫਰਾਰ ਹੋ ਗਿਆ ਹੈ। ਪੁਲਸ ਉਸ ਦੇ ਨਾਲ ਕੁੱਝ ਵੀ ਨਾਜਾਇਜ਼ ਕਰ ਸਕਦੀ ਹੈ, ਇਹ ਪੋਸਟ ਇਸ ਲਈ ਪਾਉਣੀ ਪੈ ਰਹੀ ਹੈ। ਪੁਲਸ ਪਹਿਲਾਂ ਹੀ ਬਹੁਤ ਧੱਕਾ ਕਰ ਚੁੱਕੀ ਹੈ, ਹੁਣ ਹੋਰ ਨਹੀਂ ਸਹਿਣਾ। ਸਾਨੂੰ ਮਜ਼ਬੂਰ ਨਾ ਕੀਤਾ ਜਾਵੇ। ਜੋ ਵੀ ਬਣਦੀ ਕਾਰਵਾਈ ਹੈ ਪੁਲਸ ਉਹ ਕਰੇ। ਅਜੇ ਵੀ ਸਮਝ ਜਾਓ ਜੇ ਸਾਡੇ ਭਰਾ ਨਾਲ ਕੁੱਝ ਨਜਾਇਜ਼ ਹੋਇਆ ਤਾਂ ਇਹ ਚੀਜ਼ ਭੁਗਤਣੀ ਪਵੇਗੀ। 

ਸ਼ਨੀਵਾਰ ਪੁਲਸ ਹਿਰਾਸਤ ’ਚੋਂ ਫਰਾਰ ਹੋਇਆ ਸੀ ਟੀਨੂੰ

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸਮ-ਖਾਸ ਅਤੇ ਖ਼ਤਰਨਾਕ ਗੈਂਗਸਟਰ ਦੀਪਕ ਟੀਨੂੰ ਸ਼ਨੀਵਾਰ ਰਾਤ ਮਾਨਸਾ ਪੁਲਸ ਦੀ ਹਿਰਾਸਤ ’ਚੋਂ ਫਰਾਰ ਹੋ ਗਿਆ ਸੀ। ਸੂਤਰਾਂ ਮੁਤਾਬਕ ਸ਼ਨੀਵਾਰ ਰਾਤ ਮਾਨਸਾ ਪੁਲਸ ਗੈਂਗਸਟਰ ਦੀਪਕ ਟੀਨੂੰ ਨੂੰ ਗੋਇੰਦਵਾਲ ਸਾਹਿਬ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਜਾ ਰਹੀ ਸੀ, ਇਸ ਦੌਰਾਨ ਉਹ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਸੂਤਰਾਂ ਮੁਤਾਬਕ ਦੀਪਕ ਏ ਕੈਟਾਗਿਰੀ ਦਾ ਖ਼ਤਰਨਾਕ ਗੈਂਗਸਟਰ ਹੈ, ਜਿਸ ’ਤੇ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਲੁੱਟ-ਖੋਹ ਸਣੇ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ।  ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਨਸਾ ਪੁਲਸ ਦੀਪਕ ਨੂੰ ਪੁੱਛਗਿੱਛ ਲਈ ਲੈ ਕੇ ਜਾ ਰਹੀ ਸੀ। 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਇਸ ਤੋਂ ਦੋ ਦਿਨ ਪਹਿਲਾਂ ਹੀ ਮਤਲਬ 27 ਮਈ ਨੂੰ ਲਾਰੈਂਸ ਨੇ ਦੀਪਕ ਟੀਨੂੰ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਇਸ ਦੇ ਚੱਲਦੇ ਪੁਲਸ ਵਲੋਂ ਦੀਪਕ ਟੀਨੂੰ ਤੋਂ ਪੁੱਛਗਿੱਛ ਕੀਤੀ ਜਾਣੀ ਸੀ। ਦੀਪਕ ਕੋਈ ਛੋਟਾ-ਮੋਟਾ ਗੈਂਗਸਟਰ ਨਹੀਂ ਹੈ, ਦੀਪਕ ’ਤੇ ਹਰਿਆਣਾ ਪੁਲਸ ਵਲੋਂ ਵੀ ਇਨਾਮ ਰੱਖਿਆ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਸ ਗੈਂਗਸਟਰ ਨੂੰ ਪ੍ਰਾਈਵੇਟ ਗੱਡੀ ਰਾਹੀਂ ਲੈ ਕੇ ਜਾ ਰਹੀ ਸੀ। ਏ-ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਦਾ ਇਸ ਤਰ੍ਹਾਂ ਪੁਲਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਜਾਣਾ ਪੁਲਸ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। 

Add a Comment

Your email address will not be published. Required fields are marked *