ਚੈੱਕ ਬਾਊਂਸ ਹੋਣ ’ਤੇ 70 ਵਿਦਿਆਰਥੀਆਂ ਨੂੰ ਕਾਲਜ ਵੱਲੋਂ ਨੋਟਿਸ

ਪਟਿਆਲਾ, 30 ਸਤੰਬਰ

ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਗੋਪਾਲਪੁਰ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ 70 ਬੱਚਿਆਂ ਨੂੰ ਚੈੱਕ ਬਾਊਂਸ ਹੋਣ ’ਤੇ ਨੋਟਿਸ ਜਾਰੀ ਕੀਤੇ ਗਏ ਹਨ। ਕਾਲਜ ਨੇ ਵਿਦਿਆਰਥੀਆਂ ਦੀ ਐੱਸਸੀ ਸਕਾਲਰਸ਼ਿਪ ਨਾ ਆਉਣ ਕਰਕੇ ਬੱਚਿਆਂ ਤੋਂ ਹੀ ਫ਼ੀਸ ਵਸੂਲਣ ਦਾ ਇਹ ਰਸਤਾ ਅਖ਼ਤਿਆਰ ਕੀਤਾ ਹੈ।

ਇਸ ਮਾਮਲੇ ਬਾਰੇ ਅੱਜ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਕੋਲ ਲੁਧਿਆਣਾ ਦੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ, ਗੋਪਾਲਪੁਰ ਵਿੱਚ ਪੜ੍ਹਨ ਵਾਲੇ ਅਨੁਸੂਚਿਤ ਜਾਤੀ ਦੇ ਬੱਚਿਆਂ ਨੇ ਸ਼ਿਕਾਇਤ ਕੀਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਹੈ। ਸ੍ਰੀ ਬੰਗੜ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀ ਫ਼ੀਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੰਜਾਬ ਸਰਕਾਰ ਦੇ ਵਿਸ਼ੇਸ਼ ਵਿਭਾਗ ਵੱਲੋਂ ਅਦਾ ਕੀਤੀ ਜਾਣੀ ਸੀ ਜੋ ਹਾਲੇ ਤੱਕ ਅਦਾ ਨਹੀਂ ਕੀਤੀ ਗਈ। ਕਾਲਜ ਪ੍ਰਸ਼ਾਸਨ ਵੱਲੋਂ ਕੁਝ ਬੱਚਿਆਂ ਨੂੰ ਡਿਗਰੀਆਂ ਦਿੱਤੀਆਂ ਵੀ ਜਾ ਚੁੱਕੀਆਂ ਹਨ ਅਤੇ ਕੁਝ ਦੀਆਂ ਰੋਕ ਲਈਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਐਸਸੀ ਬੱਚਿਆਂ ਨੂੰ ਇਹ ਕਹਿ ਕੇ ਦਾਖਲਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ ਅਤੇ ਫ਼ੀਸ ਸਰਕਾਰ ਅਦਾ ਕਰੇਗੀ। ਕਾਲਜ ਪ੍ਰਸ਼ਾਸਨ ਵੱਲੋਂ ਦਾਖਲਾ ਫ਼ੀਸ ਬਿਨਾਂ ਰਸੀਦ ਦਿੱਤੇ 5000 ਰੁਪਏ ਸਾਲਾਨਾ ਪ੍ਰਤੀ ਵਿਦਿਆਰਥੀ ਵੀ ਲਈ ਗਈ ਸੀ ਅਤੇ ਚਾਰ-ਚਾਰ ਖ਼ਾਲੀ ਚੈੱਕ ਵੀ ਵਿਦਿਆਰਥੀਆਂ ਕੋਲੋਂ ਲਏ ਗਏ ਸਨ। ਬੱਚਿਆਂ ਦੇ ਮਾਪਿਆਂ ਨੇ ਆਖਿਆ ਕਿ ਹੁਣ ਇਨ੍ਹਾਂ ਖਾਲੀ ਚੈੱਕਾਂ ਸਬੰਧੀ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਫੀਸ ਸਰਕਾਰ ਵੱਲੋਂ ਅਦਾ ਕੀਤੀ ਜਾਣੀ ਸੀ। ਐਸਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਨੇ ਕਿਹਾ ਕਿ ਇਸ ਸਬੰਧ ਵਿਚ ਮੁੱਖ ਮੰਤਰੀ ਨੂੰ ਮਿਲ ਕੇ ਕਾਲਜ ਖ਼ਿਲਾਫ਼ ਕਾਰਵਾਈ ਕਰਵਾਈ ਜਾਵੇਗੀ।

ਫੀਸ ਨਾ ਦੇਣ ਕਾਰਨ ਨੋਟਿਸ ਭੇਜੇ: ਲੇਖਾਕਾਰ

ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਗੋਪਾਲਪੁਰ ਦੇ ਪ੍ਰਿੰਸੀਪਲ ਨਾਲ ਗੱਲ ਨਹੀਂ ਹੋ ਸਕੀ ਪਰ ਉਨ੍ਹਾਂ ਦੇ ਮੁੱਖ ਲੇਖਾਕਾਰ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਬੱਚਿਆਂ ਨੇ ਕਾਲਜ ਦੀ ਫ਼ੀਸ ਨਹੀਂ ਦਿੱਤੀ ਇਸ ਕਰ ਕੇ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਕਾਲਜ ਨੂੰ ਤਾਂ ਫ਼ੀਸ ਚਾਹੀਦੀ ਹੈ, ਉਹ ਭਾਵੇਂ ਬੱਚੇ ਦੇਣ ਜਾਂ ਫਿਰ ਸਰਕਾਰ ਦੇਵੇ।

Add a Comment

Your email address will not be published. Required fields are marked *