UK ਦੇ ਸਿੱਖ ਰਿਫ਼ਿਊਜੀ ਪਾਸਪੋਰਟ ਸ਼ਰਨਾਰਥੀਆਂ ਨੂੰ ਯਾਤਰਾ ਵੀਜ਼ੇ ਦੇਣ ਤੋਂ ਕੀਤੀ ਨਾਂਹ

ਬਰਮਿੰਘਮ : ਬਰਤਾਨੀਆ ’ਚ ਰਹਿੰਦੇ ਸਿੱਖ ਰਿਫਿਊਜੀ ਪਾਸਪੋਰਟ ਸ਼ਰਨਾਰਥੀਆਂ ਨੂੰ ਪਾਕਿਸਤਾਨ ਸਰਕਾਰ ਨੇ ਯਾਤਰਾ ਵੀਜ਼ੇ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਜਿਸ ਕਾਰਨ ਵਿਦੇਸ਼ੀ ਸਿੱਖਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬਰਮਿੰਘਮ ਦਾ ਰਹਿਣ ਵਾਲਾ ਕੁਲਵੰਤ ਸਿੰਘ ਮੁਠੱਡਾ, ਜੋ ਯੂ. ਕੇ. ’ਚ ਆਪਣੀ ਪਤਨੀ ਨਾਲ ਰਾਜਸੀ ਸ਼ਰਨ ਲੈ ਕੇ ਰਹਿ ਰਿਹਾ ਹੈ ਤੇ ਖਾਲਿਸਤਾਨ ਵਿਚਾਰਧਾਰਾ ਦਾ ਹੋਣ ਕਾਰਨ ਪੰਥਕ ਸਫਾਂ ’ਚ ਜਾਣਿਆ-ਪਛਾਣਿਆ ਨਾਂ ਹੈ। ਕੁਲਵੰਤ ਸਿੰਘ ਮੁਠੱਡਾ ਸਮੈਦਿਕ ਦੇ ਸਭ ਤੋਂ ਮਸ਼ਹੂਰ ਸਿੱਖ ਗੁਰਦੁਆਰੇ ’ਚ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਰਗਰਮ ਮੈਂਬਰ ਤੇ ਭਾਰਤ ਖ਼ਿਲਾਫ਼ ਰੈਫ਼ਰੈਂਡਮ ਦੀ ਮੁਹਿੰਮ ’ਚ ਹੋਣ ਕਾਰਨ ਐੱਨ. ਆਈ. ਏ. ਵੱਲੋਂ ਉਸ ਖ਼ਿਲਾਫ਼ ਦਿੱਲੀ ’ਚ ਅਨੇਕਾਂ ਕੇਸ ਦਰਜ ਕੀਤੇ ਹੋਏ ਹਨ।

ਜ਼ਿਕਰਯੋਗ ਕੁਲਵੰਤ ਸਿੰਘ ਵੱਲੋਂ ਨਵੰਬਰ ’ਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ’ਤੇ ਜਾਣਾ ਸੀ ਪਰ ਲੰਡਨ ਸਥਿਤ ਪਾਕਿਸਤਾਨ ਅੰਬੈਸੀ ਨੂੰ ਤਿੰਨ ਵਾਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਦੇ ਦਸਤਖਤਾਂ ਵਾਲੀ ਸਪਾਂਸਰਸ਼ਿਪ ਵਿਖਾਉਣ ਦੇ ਬਾਵਜੂਦ ਅੰਬੈਸੀ ਵੱਲੋਂ ਰਾਜਸੀ ਸ਼ਰਨ ਪ੍ਰਾਪਤ ਕਿਸੇ ਵੀ ਸਿੱਖ ਨੂੰ ਵੀਜ਼ਾ ਦੇਣ ਤੋਂ ਕੋਰੀ ਨਾਂਹ ਕਰ ਦੇਣੀ ਦੁਨੀਆ ਅੰਦਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧ ਰਹੀ ਤਾਕਤ ਤੇ ਭਾਰਤ ਖ਼ਿਲਾਫ਼ ਉੱਠ ਰਹੀਆਂ ਆਵਾਜ਼ਾਂ ਨੂੰ ਮੁਕੰਮਲ ਬੰਦ ਕਰਨ ਦੀਆਂ ਪਾਲਿਸੀਆਂ ਦਾ ਨਤੀਜਾ ਹੀ ਹੈ। ਮੋਦੀ ਸਰਕਾਰ ਵੱਲੋਂ ਯੂ. ਐੱਨ. ਓ. ’ਚ ਪਾਕਿਸਤਾਨ ਦੀ ਧਰਤੀ ’ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਮੁੱਦੇ ਕਾਰਨ ਅਜਿਹਾ ਹੋ ਸਕਦਾ ਹੈ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਭਾਰਤ ਨੂੰ ਨਾਰਾਜ਼ ਕਰਨ ਦੇ ਮੂਡ ’ਚ ਨਹੀਂ ਲੱਗਦਾ। ਯੂ. ਕੇ. ਦੇ ਸਿੱਖਾਂ ਨੇ ਵਿਦੇਸ਼ੀ ਸਿੱਖਾਂ ਨੂੰ ਗੁਰੂਧਾਮ ਯਾਤਰਾ ’ਤੇ ਜਾਣ ਤੋਂ ਰੋਕਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

Add a Comment

Your email address will not be published. Required fields are marked *