ਉਡਾਣ ਦੌਰਾਨ ਜਹਾਜ਼ ’ਚ ਸੌਂ ਜਾਂਦੇ ਹਨ 66 ਫੀਸਦੀ ਭਾਰਤੀ ਪਾਇਲਟ

ਨਵੀਂ ਦਿੱਲੀ– ਫਰਜ਼ ਕਰੋ ਕਿ ਤੁਸੀਂ ਜਹਾਜ਼ ’ਚ ਬੈਠੇ ਹੋ ਅਤੇ ਤੁਹਾਨੂੰ ਕੋਈ ਦੱਸ ਦੇਵੇ ਕਿ ਜਹਾਜ਼ ਦਾ ਪਾਇਲਟ ਸੁੱਤਾ ਪਿਆ ਹੈ ਤਾਂ ਤੁਹਾਡੇ ’ਤੇ ਕੀ ਬੀਤੇਗੀ। ਹੁਣੇ ਜਿਹੇ ਕੀਤੇ ਗਏ ਇਕ ਸਰਵੇਖਣ ’ਚ ਪਤਾ ਲੱਗਾ ਹੈ ਕਿ ਭਾਰਤੀ ਏਅਰਲਾਈਨਜ਼ ’ਚ ਕੰੰਮ ਕਰਨ ਵਾਲੇ 66 ਫੀਸਦੀ ਪਾਇਲਟ ਜਹਾਜ਼ ’ਚ ਸੌਂ ਜਾਂਦੇ ਹਨ ਅਤੇ ਆਪਣੇ ਸਾਥੀ ਕਰੂ ਮੈਂਬਰ ਨੂੰ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਦਿੰਦੇ। ਸਰਵੇ ’ਚ 542 ਪਾਇਲਟਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 358 ਨੇ ਇਹ ਗੱਲ ਸਵੀਕਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਥਕੇਵੇਂ ਕਾਰਨ ਉਹ ਕਾਕਪਿਟ ’ਚ ਸੌਂ ਜਾਂਦੇ ਹਨ।

ਇਹ ਸਰਵੇ ਇਕ ਐੱਨ. ਜੀ. ਓ. ‘ਸੇਫਟੀ ਮੈਟਰਸ ਫਾਊਂਡੇਸ਼ਨ’ ਨੇ ਕਰਵਾਇਆ, ਜਿਸ ਵਿਚ ਘਰੇਲੂ ਉਡਾਣ ਲਈ ਕੰਮ ਕਰਨ ਵਾਲੇ ਪਾਇਲਟਾਂ ਨੂੰ ਸ਼ਾਮਲ ਕੀਤਾ ਗਿਆ। ਆਮ ਤੌਰ ’ਤੇ ਇਹ ਪਾਇਲਟ 4 ਘੰਟੇ ਲਈ ਉਡਾਣ ਭਰਦੇ ਹਨ। ਉਨ੍ਹਾਂ ਦੀ ਪ੍ਰਤੀਕਿਰਿਆ ਮੁਤਾਬਕ 54 ਫੀਸਦੀ ਪਾਇਲਟਾਂ ਨੂੰ ਦਿਨ ਵੇਲੇ ਸੌਣ ਦੀ ਪੱਕੀ ਆਦਤ ਹੈ, ਜਦੋਂਕਿ 41 ਫੀਸਦੀ ਅਜਿਹੇ ਹਨ, ਜੋ ਕਦੇ-ਕਦੇ ਸੌਂ ਜਾਂਦੇ ਹਨ।

ਜਹਾਜ਼ ਹਾਦਸਿਆਂ ਪਿੱਛੇ ਸਭ ਤੋਂ ਵੱਡਾ ਕਾਰਨ ਥਕੇਵਾਂ

ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਹਾਦਸਿਆਂ ਪਿੱਛੇ ਮੁੱਖ ਕਾਰਨ ਵੀ ਥਕੇਵਾਂ ਹੀ ਹੁੰਦਾ ਹੈ। ਬਹੁਤ ਸਾਰੇ ਪਾਇਲਟ ਆਪਣੀ ਨੌਕਰੀ ਦੇ ਦਬਾਅ ਨਾਲ ਤਾਲਮੇਲ ਨਹੀਂ ਬਿਠਾ ਸਕਦੇ। ਅੱਜਕੱਲ ਇਹ ਟਰੈਂਡ ਵੇਖਿਆ ਜਾ ਰਿਹਾ ਹੈ ਕਿ ਏਅਰਲਾਈਨਜ਼ ਘੱਟ ਵਰਕਫੋਰਸ ’ਚ ਕੰਮ ਕਰਵਾਉਣਾ ਚਾਹੁੰਦੀਆਂ ਹਨ। ਇੰਝ ਪਾਇਲਟਾਂ ਲਈ ਕੰਮ ਦੇ ਘੰਟੇ ਵੀ ਵਧ ਗਏ ਹਨ।

Add a Comment

Your email address will not be published. Required fields are marked *