ਭਾਰਤ ਦੀ ਸਟਾਰ ਕ੍ਰਿਕਟਰ ਤਾਨੀਆ ਦੇ ਕਮਰੇ ‘ਚ ਚੋਰਾਂ ਨੇ ਲਾਈ ਸੰਨ੍ਹ

ਨਵੀਂ ਦਿੱਲੀ – ਭਾਰਤੀ ਵਿਕਟਕੀਪਰ ਬੱਲੇਬਾਜ਼ ਤਾਨੀਆ ਭਾਟੀਆ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਲੰਡਨ ਦੇ ਮੈਰੀਅਟ ਹੋਟਲ ‘ਚ ਮਹਿਲਾ ਟੀਮ ਦੇ ਠਹਿਰਨ ਦੌਰਾਨ ਨਕਦੀ, ਕਾਰਡ ਅਤੇ ਗਹਿਣਿਆਂ ਸਮੇਤ ਉਨ੍ਹਾਂ ਦਾ ਕੀਮਤੀ ਸਮਾਨ ਲੁੱਟ ਲਿਆ ਗਿਆ। ਭਾਰਤੀ ਟੀਮ ਨੇ ਹਾਲ ਹੀ ‘ਚ ਇੰਗਲੈਂਡ ਦੇ ਦੌਰੇ ‘ਤੇ ਪਹਿਲੀ ਵਾਰ ਵਨਡੇ ਸੀਰੀਜ਼ ‘ਚ 3-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਸੀਰੀਜ਼ ਦਾ ਆਖਰੀ ਮੈਚ ਸ਼ਨੀਵਾਰ ਨੂੰ ਖੇਡਿਆ ਗਿਆ ਸੀ।

ਤਾਨੀਆ ਨੇ ਟਵਿੱਟਰ ‘ਤੇ ਲਿਖਿਆ, ‘ਮੈਰੀਅਟ ਹੋਟਲ ਲੰਡਨ ਮੈਡਾ ਵੇਲ ਦੇ ਪ੍ਰਬੰਧਨ ਤੋਂ ਹੈਰਾਨ ਅਤੇ ਨਿਰਾਸ਼ ਹਾਂ। ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਖਿਡਾਰਨ ਦੇ ਰੂਪ ਵਿੱਚ ਹਾਲ ਹੀ ਵਿੱਚ ਠਹਿਰਨ ਦੌਰਾਨ ਕਿਸੇ ਨੇ ਮੇਰੇ ਕਮਰੇ ਵਿੱਚ ਦਾਖ਼ਲ ਹੋ ਕੇ ਨਕਦੀ, ਕਾਰਡ, ਘੜੀਆਂ ਅਤੇ ਗਹਿਣਿਆਂ ਸਮੇਤ ਮੇਰਾ ਬੈਗ ਚੋਰੀ ਕਰ ਲਿਆ। ਇੰਨਾ ਅਸੁਰੱਖਿਅਤ।’ ਉਨ੍ਹਾਂ ਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੇ ਟਵਿੱਟਰ ਹੈਂਡਲ ਨੂੰ ਟੈਗ ਕਰਦੇ ਹੋਏ ਇੱਕ ਹੋਰ ਟਵੀਟ ਵਿੱਚ ਲਿਖਿਆ, ‘ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਅਤੇ ਹੱਲ ਦੀ ਉਮੀਦ ਹੈ। ਈਸੀਬੀ ਦੇ ਪਸੰਦੀਦਾ ਹੋਟਲ ‘ਚ ਸੁਰੱਖਿਆ ਦੀ ਘਾਟ ਹੈਰਾਨੀਜਨਕ ਹੈ। ਉਮੀਦ ਹੈ ਉਹ ਵੀ ਧਿਆਨ ਦੇਣਗੇ।’

ਹੋਟਲ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ 24 ਸਾਲਾ ਖ਼ਿਡਾਰਨ ਦੀ ਸ਼ਿਕਾਇਤ ਦਾ ਜਵਾਬ ਦਿੱਤਾ ਅਤੇ ਲਿਖਿਆ, “ਤਾਨੀਆ, ਸਾਨੂੰ ਇਹ ਸੁਣ ਕੇ ਦੁੱਖ ਹੋਇਆ। ਕਿਰਪਾ ਕਰਕੇ ਆਪਣੇ ਨਾਮ ਅਤੇ ਈਮੇਲ ਪਤੇ ਤੋਂ ਇਲਾਵਾ ਆਪਣੇ ਰਿਜ਼ਰਵੇਸ਼ਨ ਦੇ ਵੇਰਵੇ ਨੂੰ ਸਾਂਝੇ ਕਰੋ, ਤਾਂ ਜੋ ਅਸੀਂ ਇਸ ਦੀ ਜਾਂਚ ਕਰ ਸਕੀਏ।” ਭਾਰਤ ਨੇ 10 ਤੋਂ 24 ਸਤੰਬਰ ਤੱਕ ਇੰਗਲੈਂਡ ਵਿੱਚ ਤਿੰਨ ਟੀ-20 ਅੰਤਰਰਾਸ਼ਟਰੀ ਅਤੇ ਇੰਨੇ ਹੀ ਵਨਡੇ ਮੈਚ ਖੇਡੇ ਸਨ। ਤਾਨੀਆ ਭਾਰਤੀ ਮਹਿਲਾ ਨਵਡੇ ਟੀਮ ਦੀ ਹਿੱਸਾ ਸੀ।

Add a Comment

Your email address will not be published. Required fields are marked *