ਭਾਰਤੀ ਪੁਰਸ਼ ਹਾਕੀ ਟੀਮ ਵਿਸ਼ਵ ਚੈਂਪੀਅਨ ਜਰਮਨੀ ਤੋਂ 3-2 ਨਾਲ ਹਾਰੀ

ਲੰਡਨ – ਭਾਰਤੀ ਪੁਰਸ਼ ਹਾਕੀ ਟੀਮ ਨੂੰ ਐੱਫ. ਆਈ. ਐੱਚ. ਪ੍ਰੋ ਲੀਗ 2023-24 ਟੂਰਨਾਮੈਂਟ ’ਚ ਜਰਮਨੀ ਖਿਲਾਫ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੰਡਨ ਦੇ ਲੀ ਵੈਲੀ ਹਾਕੀ ਸਟੇਡੀਅਮ ’ਚ ਸ਼ਨੀਵਾਰ ਨੂੰ ਖੇਡੇ ਗਏ ਮੁਕਾਬਲੇ ’ਚ ਜਰਮਨੀ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਲਗਾਤਾਰ 2 ਪੈਨਲਟੀ ਕਾਰਨਰ ਆਪਣੇ ਨਾਂ ਕੀਤੇ। ਪਹਿਲਾ ਮੌਕਾ ਗੁਆਉਣ ਤੋਂ ਬਾਅਦ ਜਰਮਨੀ ਦੇ ਗੋਂਜਾਲੋ ਪਿਲੇਟ ਨੇ ਦੂਸਰੇ ਮਿੰਟ ’ਚ ਹੀ ਆਪਣੀ ਟੀਮ ਨੂੰ 1-0 ਨਾਲ ਬੜ੍ਹਤ ਦੁਆ ਦਿੱਤੀ। ਇਸ ਤੋਂ ਬਾਅਦ 10ਵੇਂ ਮਿੰਟ ਵਿਚ ਕ੍ਰਿਸਟੋਫਰ ਰੂਰ ਨੇ ਮੈਦਾਨੀ ਗੋਲ ਕਰਦੇ ਹੋਏ ਬੜ੍ਹਤ ਨੂੰ ਦੋਗੁਣਾ ਕਰ ਦਿੱਤਾ। ਪਹਿਲੇ ਕੁਆਰਟਰ ’ਚ ਜਰਮਨੀ ਨੇ 2 ਗੋਲ ਕੀਤੇ, ਉੱਥੇ ਹੀ ਭਾਰਤੀ ਟੀਮ ਗੋਲ ਕਰਨ ’ਚ ਫੇਲ ਰਹੀ। ਜਰਮਨੀ ਨੇ ਦੂਸਰੇ ਕੁਆਰਟਰ ’ਚ ਵੀ ਆਪਣੀ ਲੈਅ ਬਰਕਰਾਰ ਰੱਖੀ। ਭਾਰਤੀ ਟੀਮ ਨੇ ਮੈਚ ’ਚ ਵਾਪਸੀ ਕੀਤੀ ਅਤੇ 19ਵੇਂ ਮਿੰਟ ’ਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਡ੍ਰੈਗ ਫਲਿੱਕ ਦੀ ਮਦਦ ਨਾਲ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕੀਤਾ।

ਇਸ ਤੋਂ ਬਾਅਦ ਭਾਰਤ ਨੇ ਮੈਚ ’ਚ ਆਪਣੀ ਪਕੜ ਮਜ਼ਬੂਤ ਕਰਦੇ ਹੋਏ ਲਗਾਤਾਰ 2 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਟੀਮ ਸਕੋਰ ਬਰਕਰਾਰ ਨਹੀਂ ਕਰ ਸਕੀ। ਪਹਿਲੇ ਹਾਫ ਦੀ ਸਮਾਪਤੀ ਵਿਚ ਜਰਮਨੀ ਨੇ 2-1 ਨਾਲ ਬੜ੍ਹਤ ਨੂੰ ਬਰਕਾਰ ਰੱਖਿਆ। ਤੀਸਰੇ ਕੁਆਰਟਰ ’ਚ ਜਰਮਨੀ ਨੇ ਭਾਰਤ ’ਤੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ 33ਵੇਂ ਮਿੰਟ ’ਚ ਗੋਂਜਾਲੋ ਨੇ ਪੈਨਲਟੀ ਕਾਰਨਰ ਨਾਲ ਗੋਲ ਕੀਤਾ।

ਚੌਥੇ ਕੁਆਰਟਰ ’ਚ ਸਕੋਰ ਬਰਾਬਰ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੀ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਭਾਰਤ ਲਈ ਸੁਖਜੀਤ ਸਿੰਘ ਨੇ 48ਵੇਂ ਮਿੰਟ ’ਚ ਫੀਲਡ ਗੋਲ ਕਰ ਕੇ ਸਕੋਰ 3-2 ਕਰ ਦਿੱਤਾ। ਆਖਰੀ ਸਮੇਂ ’ਚ ਭਾਰਤੀ ਟੀਮ ਗੋਲ ਨਹੀਂ ਕਰ ਸਕੀ ਅਤੇ ਜਰਮਨੀ ਨੇ ਮੁਕਾਬਲਾ 3-2 ਨਾਲ ਜਿੱਤ ਲਿਆ। ਭਾਰਤੀ ਟੀਮ ਲਈ ਹਰਮਨਪ੍ਰੀਤ ਸਿੰਘ (19ਵੇਂ ਮਿੰਟ) ਅਤੇ ਸੁਖਜੀਤ ਸਿੰਘ (48ਵੇਂ ਮਿੰਟ ’ਚ) ਨੇ ਗੋਲ ਕੀਤੇ।

Add a Comment

Your email address will not be published. Required fields are marked *