ਯਾਤਰੀਆਂ ਨੇ ਕੰਪਨੀ ਦੇ ਮੁਲਾਜ਼ਮਾਂ ’ਤੇ ਲਾਏ ਦੋਸ਼, ਸਾਢੇ 6 ਘੰਟੇ ਹਵਾਈ ਅੱਡੇ ’ਤੇ ਫਸੇ ਰਹੇ ਯਾਤਰੀ
ਨਵੀਂ ਦਿੱਲੀ – ਦਿੱਲੀ ਹਵਾਈ ਅੱਡੇ ਤੋਂ ਗੋਆ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਦੇ ਸ਼ਨੀਵਾਰ ਨੂੰ ਸਾਢੇ 6 ਘੰਟੇ ਦੀ ਦੇਰੀ ਨਾਲ ਟੇਕ ਆਫ ਕਰਨ ਤੋਂ ਨਾਰਾਜ਼ ਯਾਤਰੀਆਂ ਨੇ ਦਿੱਲੀ ਹਵਾਈ ਅੱਡੇ ’ਤੇ ਹੰਗਾਮਾ ਕੀਤਾ। ਯਾਤਰੀਆਂ ਨੇ ਜਹਾਜ਼ ਕੰਪਨੀ ਦੇ ਮੁਲਾਜ਼ਮਾਂ ’ਤੇ ਪ੍ਰੇਸ਼ਾਨੀ ਵਿਚ ਕਿਸੇ ਕਿਸਮ ਦਾ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ। ਯਾਤਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖਾਣ-ਪੀਣ ਲਈ ਵੀ ਨਹੀਂ ਪੁੱਛਿਆ ਗਿਆ।
ਸਪਾਈਸਜੈੱਟ ਦੇ ਜਹਾਜ਼ ਰਾਹੀਂ ਦਿੱਲੀ ਤੋਂ ਗੋਆ ਜਾਣ ਵਾਲੇ ਇਕ ਯਾਤਰੀ ਸੌਰਭ ਸਿਨਹਾ ਨੇ ਐਕਸ ’ਤੇ ਪੋਸਟ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਸਪਾਈਸਜੈੱਟ ਦੀ ਫਲਾਈਟ ਨੰ. ਐੱਸ. ਜੀ. 211 ਸ਼ਨੀਵਾਰ ਸਵੇਰੇ 9 ਵੱਜ ਕੇ 35 ਮਿੰਟ ’ਤੇ ਆਈ. ਜੀ. ਆਈ. ਏਅਰਪੋਰਟ ਤੋਂ ਉਡਾਣ ਭਰਨ ਵਾਲੀ ਸੀ ਪਰ ਇਸ ਦਾ ਸਮਾਂ ਵਧਾ ਕੇ ਪਹਿਲਾਂ 10.35 ਕੀਤਾ ਗਿਆ ਅਤੇ ਫਿਰ 11 ਵਜੇ ਉਡਾਣ ਭਰਨ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਦੱਸਿਆ ਗਿਆ ਕਿ ਦੁਪਹਿਰ 3 ਵੱਜ ਕੇ 35 ਮਿੰਟ ’ਤੇ ਉਨ੍ਹਾਂ ਦੀ ਫਲਾਈਟ ਜੰਮੂ ਤੋਂ ਦਿੱਲੀ ਆਏਗੀ।
ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ 8 ਜੂਨ ਨੂੰ ਸਪਾਈਸਜੈੱਟ ਦੀ ਦਿੱਲੀ ਤੋਂ ਗੋਆ ਜਾਣ ਵਾਲੀ ਫਲਾਈਟ ’ਚ ਤਕਨੀਕੀ ਕਾਰਨਾਂ ਕਰ ਕੇ ਦੇਰੀ ਹੋਈ। ਫਿਰ ਇਕ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਯਾਤਰੀਆਂ ਲਈ ਏਅਰਪੋਰਟ ’ਤੇ ਹੀ ਖਾਣ-ਪੀਣ ਦਾ ਇੰਤਜ਼ਾਮ ਕੀਤਾ ਗਿਆ, ਜਿਸ ਪਿੱਛੋਂ ਫਲਾਈਟ ਰਵਾਨਾ ਕਰ ਦਿੱਤੀ ਗਈ। ਜਹਾਜ਼ ਦੇ ਦੇਰੀ ਨਾਲ ਉੱਡਣ ’ਤੇ ਏਅਰਲਾਈਨਸ ਨੇ ਖੇਦ ਪ੍ਰਗਟ ਕੀਤਾ ਹੈ।

