ਕੰਗਨਾ ਰਣੌਤ ‘ਥੱਪੜ’ ਮਾਮਲੇ ‘ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ

ਚੰਡੀਗੜ੍ਹ : ਬੀਤੇ ਦਿਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਹ ਬਹੁਤ ਵੱਡੀ ਘਟਨਾ ਵਾਪਰੀ ਸੀ, ਜਿਸ ਨੇ ਪੰਜਾਬ ਸਣੇ ਪੂਰੇ ਦੇਸ਼ ‘ਚ ਤੜਥੱਲੀ ਮਚਾ ਦਿੱਤੀ ਸੀ। ਅਸਲ ‘ਚ ਹਵਾਈ ਅੱਡੇ ‘ਤੇ ਤਾਇਨਾਤ ਇਕ ਮਹਿਲਾ ਸੀ.ਆਈ.ਐੱਸ.ਐੱਫ. ਮੁਲਾਜ਼ਮ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਦੇ ਥੱਪੜ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਦੇਸ਼ ਭਰ ਦੀ ਸਿਆਸਤ ਗਰਮਾ ਗਈ ਹੈ। ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਦੇ ਇਸ ਕਦਮ ‘ਤੇ ਉਸ ਦਾ ਸਮਰਥਨ ਕੀਤਾ ਹੈ, ਜਦਕਿ ਕਈ ਆਗੂਆਂ ਨੇ ਇਸ ਨੂੰ ਗ਼ਲਤ ਕਰਾਰ ਦਿੱਤਾ ਹੈ। 

ਇਸ ਘਟਨਾ ਬਾਰੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਵਾਪਰੀ ਘਟਨਾ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕੰਗਨਾ ਵੱਲੋਂ ਇਹ ਬਿਆਨ ਅੱਜ ਤੋਂ ਕਰੀਬ ਢਾਈ ਸਾਲ ਪਹਿਲਾਂ ਦਿੱਤਾ ਗਿਆ ਸੀ, ਉਸ ਬਿਆਨ ‘ਤੇ ਇੰਨੀ ਦੇਰ ਬਾਅਦ ਅਸਹਿਮਤੀ ਜ਼ਾਹਰ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਬਰਦਾਸ਼ਤ ਕਰਨ ਯੋਗ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। 

ਉਨ੍ਹਾਂ ਕਿਹਾ ਕਿ ਇਸ ਤੋਂ ਵੀ ਜ਼ਿਆਦਾ ਚਿੰਤਾ ਵਾਲੀ ਗੱਲ ਇਹ ਹੈ ਕਿ ਸੁਰੱਖਿਆ ਦੀ ਵਰਦੀ ਪਹਿਨੀ ਮੁਲਾਜ਼ਮ ਨੇ ਅਜਿਹੀ ਗ਼ੈਰ-ਕਾਨੂੰਨੀ ਹਿੰਸਕ ਕਾਰਵਾਈ ਕੀਤੀ। ਇਹ ਬਿਆਨ ਕੰਗਨਾ ਰਣੌਤ ਨੇ ਤਿੰਨ ਸਾਲ ਪਹਿਲਾਂ ਕਿਸਾਨਾਂ ਦੇ ਧਰਨੇ ਦੌਰਾਨ ਦਿੱਤਾ ਸੀ। ਉਸ ਦਾ ਬਿਆਨ ਅਸੰਵੇਦਨਸ਼ੀਲ ਸੀ ਪਰ ਸੁਰੱਖਿਆ ਮੁਲਾਜ਼ਮ ਵੱਲੋਂ ਸੰਸਦ ਮੈਂਬਰ ਨੂੰ ਥੱਪੜ ਮਾਰਨ ਵਰਗੀ ਕਾਰਵਾਈ ਗ਼ਲਤ ਮਿਸਾਲ ਕਾਇਮ ਕਰਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਵਾਪਰੀ ਘਟਨਾ ਨਾਲ ਪੰਜਾਬ ਤੇ ਇਸ ਦੇ ਲੋਕਾਂ ਦੀ ਬਦਨਾਮੀ ਹੋਈ ਹੈ।

ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜੋ ਲੋਕ ਕੁਲਵਿੰਦਰ ਦੇ ਇਸ ਕਦਮ ‘ਤੇ ਉਸ ਨੂੰ ਹੱਲਾਸ਼ੇਰੀ ਦੇ ਰਹੇ ਹਨ, ਉਹ ਪੰਜਾਬ ਦਾ ਭਲਾ ਕਰਨ ਵਾਲੇ ਨਹੀਂ ਹਨ, ਉਹ ਸਿਰਫ਼ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਰਾਜਨੀਤਿਕ ਆਗੂ ਇਸ ਘਟਨਾ ਨੂੰ ਲੈ ਕੇ ਆਪਣਾ ਫ਼ਾਇਦਾ ਦੇਖ ਰਹੇ ਹਨ।

Add a Comment

Your email address will not be published. Required fields are marked *