ਗਾਇਕਾ ਰੁਪਿੰਦਰ ਹਾਂਡਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ‘ਚ

ਜਲੰਧਰ – ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਬੀਤੇ ਦਿਨੀਂ ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੌਰਾਨ ਥੱਪੜ ਮਾਰ ਦਿੱਤਾ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫ਼ੀ ਭਖਿਆ ਹੋਇਆ ਹੈ। ਲਗਾਤਾਰ ਕਈ ਲੋਕ ਕੁਲਵਿੰਦਰ ਦੀ ਤਾਰੀਫ਼ ਕਰ ਰਹੇ ਹਨ ਅਤੇ ਉਥੇ ਹੀ ਕੁਝ ਕ ਲੋਕ ਕੰਗਨਾ ਦਾ ਵਿਰੋਧ ਵੀ ਕਰ ਰਹੇ ਹਨ। ਉਥੇ ਹੀ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਇਸ ਘਟਨਾ ਮਗਰੋਂ ਲਾਈਵ ਆ ਕੇ ਲੋਕਾਂ ਨੂੰ ਖ਼ਾਸ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ, ”ਭੈਣ ਕੁਲਵਿੰਦਰ ਕੌਰ ਲਈ ਲੋਕਾਂ ਨੂੰ ਦਿਲ ਖੋਲ ਅੱਗੇ ਆਉਣਾ ਚਾਹੀਦਾ ਹੈ। ਇਕੱਲੇ ਫੇਸਬੁੱਕ ਪੋਸਟਾਂ ਪਾਉਣ ਨਾਲ ਕੁਝ ਨਹੀਂ ਹੋਣਾ, ਤੁਸੀਂ ਭੈਣ ਦੇ ਪਰਿਵਾਰ ਨਾਲ ਆ ਕੇ ਖੜ੍ਹੇ ਹੋਵੋ। ਜਦੋਂ ਕੋਈ ਵੀ ਇਨਸਾਨ ਪੰਜਾਬੀ ਪੰਜਾਬੀਆਤ ਦੇ ਨਾਂ ‘ਤੇ ਸਟੈਂਡ ਲੈਂਦਾ ਹੈ ਤਾਂ ਸਾਡਾ ਵੀ ਫਰਜ ਹੁੰਦਾ ਹੈ ਕਿ ਉਨ੍ਹਾਂ ਦਾ ਸਾਥ ਦਈਏ ਤੇ ਭੈਣ ਨੂੰ ਨੌਕਰੀ ਆਫਰ ਕਰੀਏ।” 

ਦੱਸ ਦਈਏ ਕਿ ਚੰਡੀਗੜ੍ਹ ਏਅਰਪੋਰਟ ‘ਤੇ ਹੋਈ ਬਦਸਲੂਕੀ ਮਗਰੋਂ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਾਈਵ ਹੋ ਕੇ ਪੂਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਮੀਡੀਆ ਅਤੇ ਮੇਰੇ ਪ੍ਰਸ਼ੰਸਕਾਂ ਦੇ ਬਹੁਤ ਸਾਰੇ ਫੋਨ ਕਾਲ ਆ ਰਹੇ ਹਨ, ”ਮੈਂ ਬਿਲਕੁਲ ਠੀਕ ਹਾਂ। ਅੱਜ ਚੰਡੀਗੜ੍ਹ ਏਅਰਪੋਰਟ ‘ਤੇ ਜੋ ਘਟਨਾ ਵਾਪਰੀ ਉਹ ਸਕਿਓਰਿਟੀ ਚੈੱਕ ਦੇ ਨਾਲ ਹੋਈ। ਮੈਂ ਸਕਿਓਰਿਟੀ ਚੈੱਕ ਤੋਂ ਬਾਅਦ ਅੱਗੇ ਨਿਕਲੀ ਤਾਂ ਦੂਜੇ ਕੈਬਿਨ ‘ਚ ਜੋ CISF ਦੀ ਮਹਿਲਾ ਕਰਮਚਾਰੀ ਸੀ, ਉਸ ਨੇ ਮੇਰੇ ਅੱਗੇ ਆਉਣ ਅਤੇ ਕ੍ਰਾਸ ਕਰਨ ਦਾ ਇੰਤਜ਼ਾਰ ਕੀਤਾ, ਫਿਰ ਸਾਈਡ ਤੋਂ ਆ ਕੇ ਮੇਰੇ ਚਿਹਰੇ ‘ਤੇ ਹਿੱਟ ਕੀਤਾ ਅਤੇ ਗਾਲ੍ਹਾਂ ਵੀ ਕੱਢੀਆਂ। ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਸਪੋਰਟ ਕਰਦੀ ਹੈ। ਮੇਰੀ ਚਿੰਤਾ ਇਹ ਹੈ ਕਿ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਅਤੇ ਕੱਟੜਵਾਦ ਨੂੰ ਕਿਵੇਂ ਨਜਿੱਠਿਆ ਜਾ ਰਿਹਾ ਹੈ।”

ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰ 3.30 ਵਜੇ ਕੰਗਨਾ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ ਏਅਰਪੋਰਟ ‘ਤੇ ਪੁਜੀ ਸੀ ਤਾਂ ਸਕਿਓਰਿਟੀ ਚੈੱਕ ਇਨ ਤੋਂ ਬਾਅਦ ਬੋਰਡਿੰਗ ਲਈ ਜਾਂਦੇ ਸਮੇਂ ਐੱਲ.ਸੀ.ਟੀ. ਕੁਲਵਿੰਦਰ ਕੌਰ (ਸੀ. ਆਈ. ਐੱਸ. ਐੱਫ. ਯੂਨਿਟ ਚੰਡੀਗੜ੍ਹ ਏਅਰਪੋਰਟ) ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਸਫ਼ਰ ਕਰ ਰਹੇ ਸ਼ਖ਼ਸ ਮਯੰਕ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ (ਸੀ. ਆਈ. ਐੱਸ. ਐੱਫ. ਦੇ)  ਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ ‘ਤੇ ਸੀ. ਆਈ. ਐੱਸ. ਐੱਫ. ਵੱਲੋਂ ਸੀ. ਸੀ. ਟੀ. ਵੀ. ਦੀ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *