ਪੁਲਾੜ ‘ਚ 1000 ਦਿਨ ਬਿਤਾਉਣ ਵਾਲੀ ਪਹਿਲੀ ਹਸਤੀ ਬਣੇ ਰੂਸੀ ਓਲੇਗ

ਵਾਸ਼ਿੰਗਟਨ– ਰੂਸੀ ਪੁਲਾੜ ਯਾਤਰੀ ਓਲੇਗ ਕੋਨੋਨੇਨਕੋ (59) ਵੱਖ-ਵੱਖ ਮਿਸ਼ਨਾਂ ਵਿੱਚ ਪੁਲਾੜ ਵਿੱਚ 1,000 ਦਿਨ ਪੂਰੇ ਕਰਨ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਰੂਸੀ ਪੁਲਾੜ ਯਾਤਰੀ ਗੇਨਾਡੀ ਪਡਾਲਕਾ ਦੇ ਨਾਂ ਸੀ। ਉਹ 878 ਦਿਨ ਪੁਲਾੜ ਵਿੱਚ ਰਹੇ। ਓਲੇਗ ਦੀ ਇਹ ਪੰਜਵੀਂ ਪੁਲਾੜ ਯਾਤਰਾ ਹੈ। ਉਹ ਤਿੰਨ ਵਾਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਕਮਾਂਡਰ ਰਹਿ ਚੁੱਕੇ ਹਨ।

ਰੂਸੀ ਸਮਾਚਾਰ ਏਜੰਸੀ ਟਾਸ ਅਨੁਸਾਰ ਓਲੇਗ ਨੂੰ ਸੋਯੂਜ਼ ਐਮ.ਐਸ 24 ਪੁਲਾੜ ਯਾਨ ਦੁਆਰਾ ਧਰਤੀ ਦੇ ਚਾਰੇ ਪਾਸੇ ਚੱਕਰ ਲਗਾਉਂਦੀ ਲਗਾਉਣ ਵਾਲੀ ਔਰਬਿਟਲ ਲੈਬਾਰਟਰੀ (ਅੰਤਰਰਾਸ਼ਟਰੀ ਪੁਲਾੜ ਸਟੇਸ਼ਨ) ਵਿਚ ਭੇਜਿਆ ਗਿਆ ਸੀ। ਓਲੇਗ ਸਤੰਬਰ ਵਿੱਚ ਧਰਤੀ ‘ਤੇ ਵਾਪਸ ਆ ਜਾਵੇਗਾ। ਨਾਸਾ ਦੇ ਟਰਾਂਸਲੇਸ਼ਨਲ ਰਿਸਰਚ ਇੰਸਟੀਚਿਊਟ ਫੌਰ ਸਪੇਸ ਦੇ ਸਾਬਕਾ ਚੀਫ ਇਮੈਨੁ੍ਅਲ ਉਰਕਿਟਾ ਨੇ ਕਿਹਾ ਕਿ ਓਲੇਗ ਨੇ ਜੋ ਕੀਤਾ ਹੈ, ਉਹ ਮੀਲ ਦਾ ਪੱਥਰ ਹੈ। ਉਸ ਨੇ ਅਜੇ ਕੁਝ ਮਹੀਨੇ ਹੋਰ ਪੁਲਾੜ ਵਿਚ ਬਿਤਾਉਣੇ ਹਨ।

ਇਮੈਨੁਅਲ ਉਰਕਿਟਾ ਸਪੇਸ ਵਿਚ ਵੱਖ-ਵੱਖ ਸਮਾਂ ਬਿਤਾਉਣ ਵਾਲੇ ਪੁਲਾੜ ਯਾਤਰੀਆਂ ਦੇ ਸਰੀਰ ਦਾ ਅਧਿਐਨ ਕਰ ਰਹੇ ਹਨ ਤਾਂ ਜੋ ਪੰਜ ਸਵਾਲਾਂ ਦੇ ਜਵਾਬ ਮਿਲ ਸਕਣ। ਪਹਿਲਾ- ਧਰਤੀ ਤੋਂ ਲੰਮੀ ਦੂਰੀ ‘ਤੇ ਰਹਿੰਦੇ ਹੋਏ ਸੰਚਾਰ ਦਾ ਇਸ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ? ਦੂਜਾ-ਰੇਡੀਏਸ਼ਨ ਦਾ ਕੀ ਅਸਰ ਹੁੰਦਾ ਹੈ? ਤੀਜਾ-ਇਕੱਲੇ ਰਹਿਣ ਦਾ ਸਰੀਰ ਅਤੇ ਮਨ ‘ਤੇ ਕੀ ਪ੍ਰਭਾਵ ਪੈਂਦਾ ਹੈ? ਚੌਥਾ-ਗੁਰੂਤਾਕਰਸ਼ਣ ਦਾ ਪ੍ਰਭਾਵ ਅਤੇ ਪੰਜਵਾਂ- ਸਰੀਰ ‘ਤੇ ਬੰਦ ਵਾਤਾਵਰਨ ਵਿੱਚ ਰਹਿਣ ਦਾ ਪ੍ਰਭਾਵ।

ਉਰਕਿਟਾ ਦਾ ਕਹਿਣਾ ਹੈ ਕਿ ਓਲੇਗ ਦੀ ਵਾਪਸੀ ਤੋਂ ਬਾਅਦ ਜਾਂਚ ਕਰਨ ‘ਤੇ ਕਈ ਨਵੀਆਂ ਗੱਲਾਂ ਸਾਹਮਣੇ ਆਉਣਗੀਆਂ, ਕਿਉਂਕਿ ਉਸ ਨੇ ਸਭ ਤੋਂ ਜ਼ਿਆਦਾ ਦਿਨ ਪੁਲਾੜ ‘ਚ ਬਿਤਾਏ ਹਨ। ਇਹ ਗੱਲ ਵੱਖਰੀ ਹੈ ਕਿ ਉਸਨੇ ਇਹ ਉਪਲਬਧੀ ਇੱਕੋ ਮਿਸ਼ਨ ਵਿੱਚ ਨਹੀਂ, ਸਗੋਂ ਵੱਖ-ਵੱਖ ਮਿਸ਼ਨਾਂ ਦੌਰਾਨ ਹਾਸਲ ਕੀਤੀ। ਇੰਨੇ ਲੰਬੇ ਸਮੇਂ ਤੱਕ ਸਪੇਸ ਵਿੱਚ ਰਹਿਣ ਦਾ ਉਸਦੇ ਸਰੀਰ ਅਤੇ ਮਨ ‘ਤੇ ਅਸਰ ਜ਼ਰੂਰ ਪਿਆ ਹੋਵੇਗਾ।

Add a Comment

Your email address will not be published. Required fields are marked *