ਪੰਜਾਬ ‘ਚ ਗੱਠਜੋੜ ਤੋਂ ਬਿਨਾਂ ਅਕਾਲੀ ਦਲ ਤੇ ਭਾਜਪਾ ਦੇ ਹੱਥ ਰਹੇ ਖ਼ਾਲੀ
![](http://mehakewattan.com/wp-content/uploads/2024/06/2024_6image_03_44_525279051bjp-ll.jpg)
ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ’ਤੇ ਭਾਜਪਾ ਦਾ ਗੱਠਜੋੜ ਹੁੰਦਾ-ਹੁੰਦਾ ਕਿਸਾਨਾਂ ਦੇ ਧਰਨੇ ਕਾਰਨ ਵਿਚ-ਵਿਚਾਲੇ ਸਿਰੇ ਨਹੀਂ ਚੜ੍ਹ ਸਕਿਆ। ਇਸ ਕਰ ਕੇ ਦੋਵਾਂ ਪਾਰਟੀਆਂ ਦੇ ਵਰਕਰਾਂ ਦੀਆਂ ਜੋ ਉਮੀਦਾਂ ਸਨ ਕਿ ਗੱਠਜੋੜ ਹੋਣ ’ਤੇ ਚੰਗੇ ਨਤੀਜੇ ਆਉਣਗੇ, ਉਨ੍ਹਾਂ ’ਤੇ ਪਾਣੀ ਫਿਰ ਗਿਆ। ਇਸ ਕਾਰਨ ਦੋਵਾਂ ਪਾਰਟੀਆਂ ਅਕਾਲੀ ਦਲ ਅਤੇ ਭਾਜਪਾ ਦੀ ਮਜ਼ਬੂਰੀ ਬਣ ਗਈ ਕਿ ਇਕੱਲਿਆਂ-ਇਕੱਲਿਆਂ ਚੋਣ ਲੜੀ ਜਾਵੇ। ਪੰਜਾਬ ’ਚ 13 ਹਲਕਿਆਂ ’ਤੇ ਅਕਾਲੀ ਦਲ ਅਤੇ ਭਾਜਪਾ ਨੇ ਉਮੀਦਵਾਰ ਉਤਾਰੇ ਕੀਤੇ ਪਰ ਜੋ ਨਤੀਜੇ ਸਾਹਮਣੇ ਆਏ ਹਨ, ਉਸ ਵਿਚ ਇਹ ਗੱਲ ਸਾਫ਼ ਹੋ ਗਈ ਕਿ ਗੱਠਜੋੜ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਇਕ ਸੀਟ ਬਠਿੰਡਾ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਸੁਪੜਾ ਸਾਫ਼ ਹੋ ਗਿਆ।
ਜਿਨ੍ਹਾਂ ਹਲਕਿਆਂ ’ਚ ਪਾਰਟੀਆਂ ਨੂੰ ਵੋਟਾਂ ਪਈਆਂ ਹਨ, ਉਨ੍ਹਾਂ ’ਚੋਂ ਵੀ ਕਈ ਹਲਕਿਆਂ ‘ਚ ਵੋਟਾਂ ਦੀ ਗਿਣਤੀ ਮਸਾਂ ਹੀ ਲੱਖਾਂ ‘ਚ ਗਈ ਹੈ, ਜਦਕਿ ਪੰਜਾਬ ’ਚ ਭਾਜਪਾ ਗੱਠਜੋੜ ਤੋਂ ਬਿਨਾਂ ਇਕ ਵੀ ਸੀਟ ਨਹੀਂ ਜਿੱਤ ਸਕੀ।
ਹਾਲਾਂਕਿ ਭਾਜਪਾ ਦੂਜੇ ਨੰਬਰ ਅਤੇ ਜਿੱਤ-ਹਾਰ ਦੇ ਮੁਕਾਬਲੇ ’ਚ ਕਾਂਗਰਸ ਅਤੇ ‘ਆਪ’ ਨਾਲ ਪੂਰੀ ਤਰ੍ਹਾਂ ਖਹਿ ਕੇ ਲੜੀ ਤੇ ਵੋਟ ਫੀਸਦੀ ਵੀ ਅਕਾਲੀ ਦਲ ਨਾਲੋਂ ਵੱਧ ਲੈ ਗਈ, ਪਰ ਸੀਟ ਜਿੱਤਣ ’ਚ ਭਾਜਪਾ ਦਾ ਹੱਥ ਖਾਲੀ ਹੀ ਰਿਹਾ। ਹੁਣ ਦੇਖਦੇ ਹਾਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਇਸੇ ਤਰ੍ਹਾਂ ਮੈਦਾਨ ’ਚ ਖੜ੍ਹੀ ਰਹਿੰਦੀ ਹੈ ਜਾਂ ਫਿਰ ਅਕਾਲੀ ਦਲ ’ਤੇ ਦਬਾਅ ਬਣਾ ਕੇ ਮੁੜ ਗੱਠਜੋੜ ਵੱਲ ਵਧੇਗੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)